ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਪਿਓ-ਪੁੱਤ ਦੀ ਮੌਤ
ਅਣਪਛਾਤੇ ਵਾਹਨ ਨੇ ਮਾਰੀ ਟੱਕਰ; ਮੌਕੇ ਤੋਂ ਫ਼ਰਾਰ ਹੋਏ ਵਾਹਨ ਦੀ ਨੰਬਰ ਪਲੇਟ ਬਰਾਮਦ, ਪੁਲੀਸ ਵੱਲੋਂ ਜਾਂਚ ਸ਼ੁਰੂ
ਅੱਜ ਤੜਕਸਾਰ ਕਸਬਾ ਫ਼ਤਿਆਬਾਦ ਨਜ਼ਦੀਕ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਪਿਓ-ਪੁੱਤ ਨੂੰ ਇੱਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਕਾਰਨ ਮੋਟਰਸਾਈਕਲ ਪਿੱਛੇ ਬੈਠੇ ਵਿਅਕਤੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ, ਜਦੋਂਕਿ ਮੋਟਰਸਾਈਕਲ ਚਲਾ ਰਿਹਾ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਹਾਲਾਂਕਿ ਜ਼ਖ਼ਮੀ ਨੌਜਵਾਨ ਦੀ ਵੀ ਇਲਾਜ ਅਧੀਨ ਮੌਤ ਹੋ ਗਈ।
ਹਾਦਸੇ ਵਿੱਚ ਮਾਰੇ ਗਏ ਕੁਲਦੀਪ ਸਿੰਘ ਤੇ ਗੁਰਜੋਤ ਸਿੰਘ ਦੀ ਫਾਈਲ ਤਸਵੀਰ
ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਵਿਅਕਤੀ ਦੀ ਪਛਾਣ ਕੁਲਦੀਪ ਸਿੰਘ ਅਤੇ ਜ਼ਖ਼ਮੀ ਹੋਏ ਨੌਜਵਾਨ ਦੀ ਪਛਾਣ ਗੁਰਜੋਤ ਸਿੰਘ ਵਾਸੀ ਭੁੱਲਰ ਵਜੋਂ ਹੋਈ ਹੈ। ਇਹ ਦੋਵੇਂ ਮੋਟਰਸਾਈਕਲ ਸਵਾਰ ਰਿਸ਼ਤੇ ਵਿੱਚ ਪਿਓ-ਪੁੱਤ ਸਨ ਅਤੇ ਕਿਸੇ ਗੈਸ ਏਜੰਸੀ ਵਿੱਚ ਕੰਮ ਕਰਦੇ ਸਨ।
ਮੌਕੇ ’ਤੇ ਪਹੁੰਚੀ ਪੁਲੀਸ ਵੱਲੋਂ ਕਾਰਵਾਈ
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਚੌਕੀ ਫ਼ਤਿਆਬਾਦ ਦੀ ਪੁਲੀਸ ਨੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ। ਪੁਲੀਸਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਮੋਟਰਸਾਈਕਲ ਨੂੰ ਟੱਕਰ ਮਾਰਨ ਵਾਲਾ ਵਿਅਕਤੀ ਆਪਣੇ ਵਾਹਨ ਸਮੇਤ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਪੁਲੀਸ ਅਨੁਸਾਰ, ਹਾਦਸੇ ਵਾਲੀ ਥਾਂ ਤੋਂ ਫ਼ਰਾਰ ਹੋਏ ਵਾਹਨ ਦੀ ਇੱਕ ਟੁੱਟ ਕੇ ਡਿੱਗੀ ਹੋਈ ਨੰਬਰ ਪਲੇਟ ਬਰਾਮਦ ਹੋਈ ਹੈ, ਜਿਸ ਦਾ ਨੰਬਰ PB 02 BD 9111 ਹੈ। ਪੁਲੀਸ ਵੱਲੋਂ ਇਸੇ ਨੰਬਰ ਦੇ ਅਧਾਰ 'ਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
