ਕੱਚਾ ਪੱਕਾ ਪਿੰਡ ’ਚ ਲੰਘੇ ਦਿਨ ਇੱਕ ਔਰਤ ਦੀ ਉਸ ਦੇ ਸਹੁਰੇ ਨੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਮ੍ਰਿਤਕਾ ਦੀ ਸ਼ਨਾਖਤ ਅਮਨਦੀਪ ਕੌਰ (25) ਵਜੋਂ ਹੋਈ ਹੈ। ਮੁਲਜ਼ਮ ਦੀ ਸ਼ਨਾਖਤ ਬਲਵਿੰਦਰ ਸਿੰਘ ਉਰਫ਼ ਬਿੰਦਰ ਵਾਸੀ ਕੱਚਾ ਪੱਕਾ ਵਜੋਂ ਦੱਸੀ ਗਈ ਹੈ ਜਿਸ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਦੁਪਹਿਰ ਵੇਲੇ ਬਲਵਿੰਦਰ ਸਿੰਘ ਅਤੇ ਉਸ ਦੀ ਨੂੰਹ ਅਮਨਦੀਪ ਕੌਰ ਇਕੱਲੇ ਹੀ ਘਰ ਵਿੱਚ ਸਨ। ਉਸ ਦੌਰਾਨ ਮੁਲਜ਼ਮ ਬਲਵਿੰਦਰ ਸਿੰਘ ਨੇ ਅਮਨਦੀਪ ਕੌਰ ਨਾਲ ਪਹਿਲਾਂ ਤਕਰਾਰ ਕੀਤਾ ਅਤੇ ਬਾਅਦ ’ਚ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਵਾਰਦਾਤ ਮਗਰੋਂ ਮੁਲਜ਼ਮ ਨੇ ਉਸ ਦੀ ਲਾਸ਼ ਪਲਾਸਟਿਕ ਦੇ ਤੱਪੜ ਵਿੱਚ ਲਪੇਟ ਕੇ ਘਰ ਦੇ ਇੱਕ ਕਮਰੇ ਵਿੱਚ ਰੱਖ ਦਿੱਤੀ। ਇਸ ਦੌਰਾਨ ਮ੍ਰਿਤਕ ਅਮਨਦੀਪ ਕੌਰ ਦੀ ਮਾਤਾ ਪਰਮਜੀਤ ਕੌਰ ਵੀ ਮੌਕੇ ’ਤੇ ਆ ਗਈ ਤਾਂ ਉਸ ਨੇ ਆਪਣੀ ਲੜਕੀ ਦੇ ਬਾਰੇ ਬਲਵਿੰਦਰ ਸਿੰਘ ਨੂੰ ਪੁੱਛਿਆ। ਪਰਮਜੀਤ ਕੌਰ ਵੱਲੋਂ ਕਮਰਿਆਂ ਵੱਲ ਦੇਖਣ ’ਤੇ ਉਸ ਨੂੰ ਤਰਪਾਲ ’ਚ ਲਪੇਟਿਆ ਹੋਇਆ ਕੁਝ ਦਿਖਾਈ ਦਿੱਤਾ, ਜਿਸ ਵਿੱਚ ਅਮਨਦੀਪ ਕੌਰ ਦੀ ਲਾਸ਼ ਸੀ। ਇਸ ਸਬੰਧੀ ਥਾਣਾ ਕੱਚਾ ਪੱਕਾ ਦੇ ਐੱਸ ਐੱਚ ਓ ਸਬ ਇੰਸਪੈਕਟਰ ਕਿਰਪਾਲ ਸਿੰਘ ਨੇ ਕਿਹਾ ਕਿ ਮਾਮਲੇ ’ਚ ਮ੍ਰਿਤਕਾ ਅਮਨਦੀਪ ਕੌਰ ਦੀ ਮਾਤਾ ਪਰਮਜੀਤ ਕੌਰ ਦੇ ਬਿਆਨਾਂ ’ਤੇ ਬੀ ਐੱਨ ਐੱਸ ਦੀ ਦਫਾ 103 (1) ਅਧੀਨ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਅਮਨਦੀਪ ਕੌਰ ਦੀ ਲਾਸ਼ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪੁਲੀਸ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

