ਕਿਸਾਨੀ ਸੰਘਰਸ਼: ਖੇਤਾਂ ਦੇ ਪੁੱਤ ਜਾਗ ਪਏ ਨੇ..!

ਕਿਸਾਨੀ ਸੰਘਰਸ਼: ਖੇਤਾਂ ਦੇ ਪੁੱਤ ਜਾਗ ਪਏ ਨੇ..!

ਪੰਜਾਬੀ ਗਾਇਕ ਹਰਭਜਨ ਮਾਨ, ਤਰਸੇਮ ਜੱਸੜ, ਰਣਜੀਤ ਬਾਵਾ, ਹਰਜੀਤ ਹਰਮਨ, ਅੰਮ੍ਰਿਤ ਮਾਨ ਕੁਲਵਿੰਦਰ ਬਿੱਲਾ ਅਤੇ ਹੋਰ ਕਲਾਕਾਰ ਨਾਭਾ ਵਿੱਚ ਕਿਸਾਨ ਧਰਨੇ ਵਿੱਚ ਸ਼ਮੂਲੀਅਤ ਕਰਦੇ ਹੋਏ। -ਫੋਟੋ: ਨੌਹਰਾ

ਚਰਨਜੀਤ ਭੁੱਲਰ

ਚੰਡੀਗੜ੍ਹ, 25 ਸਤੰਬਰ 

ਪੰਜਾਬ ਦੀ ਜਵਾਨੀ ਨੇ ਅੱਜ ਕਿਸਾਨੀ ਸੰਘਰਸ਼ਾਂ ਦੇ ਵਰਕੇ ’ਤੇ ਨਵੀਂ ਇਬਾਰਤ ਲਿਖ ਦਿੱਤੀ ਹੈ। ਜਵਾਨੀ ਦਾ ਜੋਸ਼, ਨਵੇਂ ਨਾਅਰੇ, ਨਵੇਂ ਗੀਤ ਅੱਜ ‘ਪੰਜਾਬ ਬੰਦ’ ਦੌਰਾਨ ਗੂੰਜੇ। ਗਲੀ-ਮੁਹੱਲੇ ਖਾਲੀ ਸਨ, ਬਾਜ਼ਾਰਾਂ ’ਚ ਸੁੰਨ ਪਸਰੀ ਸੀ। ਸੜਕਾਂ ’ਤੇ ਨੌਜਵਾਨ ਟੈਂਟ ਲਾ ਰਹੇ ਸਨ ਅਤੇ ਕਿਤੇ ਲੰਗਰ ਵੀ ਬਣਾ ਰਹੇ ਸਨ। ਖੇਤਾਂ ਦੇ ਵਾਰਸਾਂ ਦਾ ਅੱਜ ਨਵੀਂ ਪੀੜੀ ਦਾ ਜੋਸ਼ ਤੇ ਹੋਸ਼ ਦੇਖ ਧਰਵਾਸਾ ਬੱਝ ਰਿਹਾ ਸੀ। ਜਿਨ੍ਹਾਂ ਨੌਜਵਾਨਾਂ ’ਤੇ ਚਿੱਟੇ ਦੇ ਦਾਗ ਲੱਗੇ ਸਨ, ਉਹ ਦਾਗ ਅੱਜ ਧੋ ਦਿੱਤੇ ਗਏ। 

‘ਪੰਜਾਬ ਬੰਦ’ ’ਚ ਅੱਜ ਜਵਾਨੀ ਹੁੱਭ ਕੇ ਹਾਜ਼ਰ ਰਹੀ। ਮੂਨਕ ਵਿਚ ਕਾਲਜੀਏਟ ਮੁੰਡੇ ਰੋਸ ਮਾਰਚ ਕਰ ਰਹੇ ਸਨ ਤੇ ਉਧਰ ਨੌਜਵਾਨ ਰਣਜੀਤ ਤੇ ਰੇਸ਼ਮਾ ਚੌਹਾਨ ਬਰਨਾਲਾ ਦੇ ਲੋਕ ਇਕੱਠਾਂ ’ਚ ਨੁੱਕੜ ਨਾਟਕ ‘ਲੌਕਡਾਊਨ’ ਖੇਡ ਰਹੇ ਸਨ। ਬਰਗਾੜੀ ਪਿੰਡ ਤੋਂ 20 ਟਰੈਕਟਰਾਂ ’ਤੇ ਬੈਠੇ ਮੁੰਡੇ ਨਾਅਰੇ ਮਾਰਦੇ ਜਾ ਰਹੇ ਸਨ। ਪੰਜਾਬੀ ’ਵਰਸਿਟੀ ’ਚ ਪੜ੍ਹਦੀ ਪਿੰਡ ਹਮੀਦੀ ਦੀ ਨੌਜਵਾਨ ਕੁੜੀ ਸੁਮਨਦੀਪ ਕੌਰ ਅੱਜ ਸੰਘਰਸ਼ ਵਿਚ ਕੇਂਦਰ ਨੂੰ ਸਿੱਧੀ ਲਲਕਾਰ ਰਹੀ ਸੀ ਕਿ ਪੰਜਾਬ ਦੇ ਖੇਤਾਂ ਵੱਲ ਉੱਠਣ ਵਾਲੀ ਅੱਖ ਭੰਨ ਦਿਆਂਗੇ। ਪਿੰਡ ਖ਼ਿਆਲੀ ਵਾਲਾ ਦਾ ਨੌਜਵਾਨ ਜਸਮੇਲ ਸਿੰਘ ਬਠਿੰਡਾ ਝੀਲਾਂ ’ਤੇ ਲੱਗੇ ਧਰਨੇ ਵਿਚ ਨਿਵੇਕਲੀ ਸੇਵਾ ਨਿਭਾ ਰਿਹਾ ਸੀ। ਉਹ ਮੁਫ਼ਤ ਵਿਚ ਕਿਸਾਨਾਂ ਦੇ ਵਾਹਨਾਂ ਦੇ ਪੈਂਚਰ ਲਵਾ ਰਿਹਾ ਸੀ।

ਮਾਨਸਾ ਰੇਲ ਪਟੜੀ ’ਤੇ ਪਿੰਡ ਖੋਖਰ ਕਲਾਂ ਦਾ ਨੌਜਵਾਨ ਬਲਕਰਨ ਸਿੰਘ ਬੈਠਾ ਸੀ ਜਿਸ ਰੇਲ ਮਾਰਗ ਨੇ ਉਸ ਤੋਂ ਕਿਸਾਨ ਬਾਪ ਖੋਹ ਲਿਆ ਸੀ। ਬਲਕਰਨ ਸਿੰਘ ਆਖਦਾ ਹੈ ਕਿ ਦਿੱਲੀ ਵੱਲ ਜਾਂਦੇ ਮਾਰਗਾਂ ਨਾਲ ਹੁਣ ਹਿਸਾਬ ਕਰਨ ਦਾ ਵਕਤ ਹੈ। ਕਪੂਰਥਲਾ ਦਾ ਗਰੈਜੂਏਟ ਮੁੰਡਾ ਕਮਲਜੀਤ ਸਿੰਘ ਆਪਣੇ ਸੱਤ ਜਮਾਤੀਆਂ ਨਾਲ ਕਿਸਾਨੀ ਮੁਜ਼ਾਹਰੇ ਵਿਚ ਆਇਆ। ਉਹ ਪਹਿਲੀ ਦਫ਼ਾ ਕਿਸੇ ਸੰਘਰਸ਼ ਵਿਚ ਕੁੱਦਿਆ ਹੈ। ਉਸ ਨੇ ਕਿਹਾ ਕਿ ਸਿੱਧਾ ਧੌਣ ਨੂੰ ਹੱਥ ਪੈਣ ਲੱਗਾ ਹੈ, ਘਰ ਕਿਵੇਂ ਬੈਠ ਜਾਂਦੇ। ਪਿੰਡ ਮਲੂਕਾ ਦਾ ਪ੍ਰਿਤਪਾਲ ਢਿੱਲੋਂ ਨੇ ਕਿਹਾ ਕਿ ਅੱਜ 80 ਫ਼ੀਸਦੀ ਇਕੱਠ ਜਵਾਨੀ ਦਾ ਸੀ ਜਿਸ ਨੂੰ ਪਹਿਲਾਂ ਹਮੇਸ਼ਾ ਨਿਹੋਰੇ ਮਿਲਦੇ ਰਹੇ ਹਨ। ਅੱਜ ਇਨ੍ਹਾਂ ਮੁੰਡਿਆਂ ਨੇ ਸਭ ਉਲਾਂਭੇ ਲਾਹ ਦਿੱਤੇ। ਨਾਭਾ ਦੇ ਰੋਹਟੀ ਪੁਲ ’ਤੇ ਲੱਗੇ ਜਾਮ ਵਿਚ ਕਿਸਾਨ ਆਗੂ ਓਂਕਾਰ ਸਿੰਘ ਨੇ ਕਿਹਾ ਕਿ ਜਵਾਨੀ ਨੇ ਕਿਸਾਨੀ ਲਹਿਰ ਨੂੰ ਵੱਡਾ ਤਾਕਤੀ ਮੋੜਾ ਦਿੱਤਾ ਹੈ। ਪਿੰਡ ਗਿੱਦੜ ਦਾ ਕਿਸਾਨ ਕੁਲਦੀਪ ਸਿੰਘ ਮੁਜ਼ਾਹਰੇ ਵਿਚ ਪਹਿਲੀ ਵਾਰ ਪੁੱਜਾ ਹੋਇਆ ਸੀ। ਕਿਸਾਨ ਕੁਲਦੀਪ ਸਿੰਘ ਦਾ ਮੁੰਡਾ ਲੇਹ ਵਿਚ ਸਰਹੱਦ ’ਤੇ ਤਾਇਨਾਤ ਹੈ। ਪੁੱਤ ਨੇ ਖੁਦ ਬਾਪ ਨੂੰ ਕਿਸਾਨੀ ਮੋਰਚੇ ਵਿਚ ਭੇਜਿਆ। ਕੈਨੇਡਾ ਦੀ ’ਵਰਸਿਟੀ ਤੋਂ ਪੜ੍ਹਿਆ ਪਟਿਆਲਾ ਦਾ ਅਵਕਾਸ਼ ਮਾਨ ਨਾਭਾ-ਭਵਾਨੀਗੜ੍ਹ ਸੜਕ ’ਤੇ ਮੁਜ਼ਾਹਰੇ ਵਿਚ ਬੈਠਿਆ। ਹਾਈ ਕੋਰਟ ਦੇ ਨੌਜਵਾਨ ਵਕੀਲ ਫਿਰੋਜ਼ਪੁਰ ਵਿਚ ਕਿਸਾਨੀ ਇਕੱਠ ਵਿਚ ਬੈਠੇ ਸਨ। ਕੋਟਕਪੂਰਾ ਧਰਨੇ ਵਿਚ ਪਿੰਡ ਭਾਗ ਸਿੰਘ ਵਾਲਾ ਦਾ ਨੌਜਵਾਨ ਗੁਰਪ੍ਰੀਤ ਮੁੱਕੇ ਤਾਣ-ਤਾਣ ਕੇ ਭਾਸ਼ਣ ਦੇ ਰਿਹਾ ਸੀ। ਜ਼ਿਲ੍ਹਾ ਮਾਨਸਾ ਦੇ ਪਿੰਡ ਰੱਲਾ ਦੇ ਨੌਜਵਾਨ ਕੁਲਦੀਪ ਗਰੇਵਾਲ ਨੇ ਦੱਸਿਆ ਕਿ ਪਿੰਡਾਂ ’ਚੋਂ ਅੱਜ ਆਪ ਮੁਹਾਰੇ ਹੀ ਨੌਜਵਾਨ ਮੋਟਰ ਸਾਈਕਲਾਂ ਅਤੇ ਟਰੈਕਟਰਾਂ ’ਤੇ ਨਿਕਲੇ।  

ਸੂਤਰਾਂ ਮੁਤਾਬਕ ਕੇਂਦਰ ਸਰਕਾਰ ਨੇ ਕਿਸਾਨੀ ਸੰਘਰਸ਼ ਵਿਚ ਜਵਾਨੀ ਦੇ ਮੰਡਾਸੇ ਬੰਨ੍ਹ ਕੇ ਕੁੱਦਣ ਦਾ ਸੰਜੀਦਾ ਨੋਟਿਸ ਲਿਆ ਹੈ। ਨੌਜਵਾਨਾਂ ਵੱਲੋਂ ਕਿਸਾਨ ਲੀਡਰਾਂ ਦੇ ਭਾਸ਼ਣਾਂ ਨੂੰ ਗਹੁ ਨਾਲ ਸੁਣਨ ਤੋਂ ਵੀ ਕੇਂਦਰ ਫਿਕਰਮੰਦ ਹੋਇਆ ਹੈ। ਇਕੱਠਾਂ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀਆਂ ਤਸਵੀਰਾਂ ਫੜ ਕੇ ਆਈਆਂ ਔਰਤਾਂ ਦਾ ਅੰਕੜਾ ਵੀ ਕਾਫ਼ੀ ਵੱਡਾ ਰਿਹਾ। ਕਿਸਾਨੀ ਸੰਘਰਸ਼ ਦੇ ਇੱਕ ਮੰਚ ਤੇ ਖੜ੍ਹੀ ਜਵਾਨੀ ਤੇ ਕਿਸਾਨੀ ਸਮੁੱਚੇ ਦੇਸ਼ ਲਈ ਰੋਲ ਮਾਡਲ ਬਣੀ ਹੈ।

‘ਕੇਂਦਰ ਕੰਧ ’ਤੇ ਲਿਖੇ ਨੂੰ ਪੜ੍ਹੇ’

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਤੇ ਕਿਸਾਨੀ ਇਕੱਠੀ ਹੋ ਤੁਰੀ ਹੈ ਜਿਸ ਕਰਕੇ ਹੁਣ ਕੇਂਦਰ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। ਦੁਆਬੇ ਦੇ ਪਿੰਡਾਂ ਦੇ ਨੌਜਵਾਨ ਜਲੰਧਰ ਵਿਚ ਸੰਘਰਸ਼ੀ ਲਹਿਰ ਵਿਚ ਕੁੱਦੇ ਹੋਏ ਸਨ ਜੋ ਪਹਿਲਾਂ ਕਦੇ ਵੀ ਇਕੱਠਾਂ ਵਿਚ ਨਹੀਂ ਜਾਂਦੇ ਸਨ। ਬਹੁਤੇ ਪ੍ਰਦਰਸ਼ਨਾਂ ਵਿਚ ਅੱਜ ਔਰਤਾਂ ਕੇਸਰੀ ਚੁੰਨੀਆਂ ਲੈ ਕੇ ਆਈਆਂ ਸਨ। ਮਹਿਲਾ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ ਨੇ ਆਖਿਆ ਕਿ ਮੁਟਿਆਰਾਂ ਆਪਣੀਆਂ ਮਾਵਾਂ ਨਾਲ ਆਈਆਂ ਜਿਨ੍ਹਾਂ ਸਟੇਜਾਂ ਤੋਂ ਇਨਕਲਾਬੀ ਗੀਤ ਵੀ ਗਾਏ। ਸੜਕਾਂ ਅਤੇ ਰੇਲ ਪਟੜੀਆਂ ’ਤੇ ਝੰਡਿਆਂ ਦਾ ਹੜ੍ਹ ਆਇਆ ਹੋਇਆ ਸੀ। ਮਨਪ੍ਰੀਤ ਟਿਵਾਣਾ ਦੇ ਕਿਸਾਨੀ ’ਤੇ ਲਿਖੇ ਗੀਤ ਦੀ ਗੂੰਜ ਵੀ ਪੈਂਦੀ ਰਹੀ ‘ਖੇਤਾਂ ਦੇ ਪੁੱਤ ਜਾਗ ਪਏ ਨੇ...।’ ਮਾਲੇਰਕੋਟਲਾ ਦੇ ਧਰਨੇ ਵਿਚ ਵੱਡੀ ਗਿਣਤੀ ਬੇਰੁਜ਼ਗਾਰ ਨੌਜਵਾਨ ਪੁੱਜੇ ਹੋਏ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਮੁੱਖ ਖ਼ਬਰਾਂ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

28 ਥਾਵਾਂ ’ਤੇ ਮੋਰਚੇ 15 ਦਿਨਾਂ ਲਈ ਮੁਲਤਵੀ; ਅੰਮ੍ਰਿਤਸਰ ਰੇਲ ਮਾਰਗ ’ਤ...

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਅਸ਼ਵਨੀ ਸ਼ਰਮਾ ਤੇ ਸਾਂਪਲਾ ਸਮੇਤ ਦਰਜਨਾਂ ਭਾਜਪਾ ਆਗੂ ਹਿਰਾਸਤ ’ਚ ਲਏ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਪੁਲੀਸ ਵੱਲੋਂ ਖ਼ੁਦਕੁਸ਼ੀ ਨੋਟ ਬਰਾਮਦ; ਕਰਜ਼ੇ ਤੇ ਕੰਮ ਨਾ ਚੱਲਣ ਕਾਰਨ ਰਹ...

ਸ਼ਹਿਰ

View All