ਪੱਤਰ ਪ੍ਰੇਰਕ
ਮੋਰਿੰਡਾ, 27 ਅਕਤੂਬਰ
ਮੋਰਿੰਡਾ ਇਲਾਕੇ ਦੇ ਕਿਸਾਨਾਂ ਨੇ 28 ਅਕਤੂਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਪਹੁੰਚ ਰਹੇ ਭਾਜਪਾ ਨੇਤਾ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਹੈ। ਕਿਸਾਨਾਂ ਨੇ ਇੱਕ ਹੰਗਾਮੀ ਮੀਟਿੰਗ ਕਰਕੇ ਫ਼ੈਸਲਾ ਕੀਤਾ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਉਦੋਂ ਤੱਕ ਭਾਜਪਾ ਦੇ ਕਿਸੇ ਵੀ ਆਗੂ ਨੂੰ ਪੰਜਾਬ ਵਿੱਚ ਪ੍ਰੋਗਰਾਮ ਨਹੀਂ ਕਰਨ ਦਿੱਤਾ ਜਾਵੇਗਾ। ਕਿਸਾਨ ਨੇਤਾ ਪਰਮਿੰਦਰ ਸਿੰਘ ਚਲਾਕੀ, ਦਲਜੀਤ ਸਿੰਘ ਚਲਾਕੀ ਨੇ ਦੱਸਿਆ ਕਿ ਕਿਸਾਨ-ਮਜ਼ਦੂਰ ਜਥੇਬੰਦੀਆਂ ਤੋਂ ਇਲਾਵਾ ਇਲਾਕੇ ਦੇ ਸਮੂਹ ਵਪਾਰੀ ਵਰਗ ਨੂੰ ਅਪੀਲ ਕੀਤੀ ਹੈ ਕਿ ਉਹ 28 ਅਕਤੂਬਰ ਨੂੰ ਗੁਰਦੁਆਰਾ ਅਕਾਲਗੜ੍ਹ ਸਾਹਿਬ ਘੜੂੰਆਂ ਵਿਖੇ 11.30 ਵਜੇ ਇਕੱਠੇ ਹੋਣ ਤਾਂ ਜੋ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਹੋਣ ਵਾਲੇ ਪ੍ਰੋਗਰਾਮ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਵਿਰੋਧ ਕੀਤਾ ਜਾ ਸਕੇ।