ਕਿਸਾਨਾਂ ਨੇ ਸੁਵਖਤੇ ਚੁਫੇਰਿਓਂ ਘੇਰਿਆ ਡੀ ਸੀ ਦਫ਼ਤਰ
13 ਨੂੰ ਮੰਤਰੀ ਨਾਲ ਮੀਟਿੰਗ ਦਾ ਪੱਤਰ ਮਿਲਣ ਮਗਰੋਂ ਘਿਰਾਓ ਖ਼ਤਮ ਕਰਨ ਦਾ ਐਲਾਨ
ਭਾਰਤੀ ਕਿਸਾਨ ਯੂਨੀਅਨ (ਏਕਤਾ )-ਉਗਰਾਹਾਂ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ ਵਲੋਂ ਅੱਜ ਦੂਜੇ ਦਿਨ ਸੰਘਰਸ਼ੀ ਤਾਕਤ ਦਾ ਅਹਿਸਾਸ ਕਰਵਾਉਂਦਿਆਂ ਸਵੇਰੇ ਦਫ਼ਤਰ ਖੁੱਲਣ ਤੋਂ ਪਹਿਲਾਂ ਹੀ ਡੀ ਸੀ ਕੰਪਲੈਕਸ ਦਾ ਘਿਰਾਓ ਕਰ ਲਿਆ ਅਤੇ ਕਿਸਾਨ ਕੰਪਲੈਕਸ ਦੇ ਤਿੰਨੋਂ ਗੇਟਾਂ ਉਪਰ ਡਟ ਗਏ। ਕਿਸਾਨਾਂ ਨੇ ਕਿਸੇ ਵੀ ਅਧਿਕਾਰੀ ਅਤੇ ਮੁਲਾਜ਼ਮ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ।
ਇਥੋਂ ਤੱਕ ਕਿ ਕੰਪਲੈਕਸ ਵਿਚ ਵਸੀਕਾ ਨਵੀਸ, ਨਕਸ਼ਾ ਨਵੀਸ ਅਤੇ ਟਾਈਪਿਸਟ ਵੀ ਦਾਖਲ ਨਹੀਂ ਹੋ ਸਕੇ। ਘਿਰਾਓ ਕਾਰਨ ਸਮੁੱਚਾ ਡੀ ਸੀ ਕੰਪਲੈਕਸ ਅੱਜ ਕਿਸਾਨਾਂ ਦੇ ਕਬਜ਼ੇ ਵਿਚ ਰਿਹਾ। ਉਧਰ, ਦੂਜੇ ਦਿਨ ਵੀ ਹਜ਼ਾਰਾਂ ਕਿਸਾਨਾਂ ਦਾ ਰੋਸ ਧਰਨਾ ਵੀ ਜਾਰੀ ਰਿਹਾ। ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਕੱਲ੍ਹ ਵੀ ਸਾਰਾ ਦਿਨ ਡੀ ਸੀ ਕੰਪਲੈਕਸ ਦਾ ਘਿਰਾਓ ਕਰਕੇ ਰੱਖਿਆ ਅਤੇ ਸ਼ਾਮ ਕਰੀਬ ਛੇ ਵਜੇ ਡੀ ਸੀ ਕੋਠੀ ਦਾ ਘਿਰਾਓ ਕਰ ਲਿਆ ਸੀ ਜੋ ਦੇਰ ਰਾਤ ਤੱਕ ਜਾਰੀ ਰਿਹਾ। ਅੱਜ ਦਿਨ ਚੜ੍ਹਦਿਆਂ ਹੀ ਕਿਸਾਨਾਂ ਨੇ ਕਿਸੇ ਨੂੰ ਵੀ ਡੀ ਸੀ ਕੰਪਲੈਕਸ ਅੰਦਰ ਦਾਖਲ ਨਹੀਂ ਹੋਣ ਦਿੱਤਾ। ਦੁਪਹਿਰੇ ਪੰਜਾਬ ਸਰਕਾਰ ਦੀ ਤਰਫ਼ੋਂ 13 ਅਕਤੂਬਰ ਦੀ ਮੀਟਿੰਗ ਦਾ ਲਿਖਤੀ ਪੱਤਰ ਲੈ ਕੇ ਏ ਡੀ ਸੀ, ਐੱਸ ਪੀ ਅਤੇ ਐੱਸ ਡੀ ਐੱਮ ਕਿਸਾਨਾਂ ਦੀ ਸਟੇਜ ’ਤੇ ਪੁੱਜੇ। ਇਹ ਮੀਟਿੰਗ 13 ਅਕਤੂਬਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ 12 ਵਿਭਾਗਾਂ ਦੇ ਵਧੀਕ ਮੁੱਖ ਸਕੱਤਰਾਂ ਨਾਲ ਹੋਵੇਗੀ। ਇਸ ਮਗਰੋਂ ਬਾਅਦ ਦੁਪਹਿਰ ਤਿੰਨ ਵਜੇ ਘਿਰਾਓ ਖਤਮ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਸਾਨਾਂ ਨੂੰ ਤਿੱਖੇ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਮੀਟਿੰਗਾਂ ਲਈ ਪੱਤਰ ਪਹਿਲਾਂ ਵੀ ਮਿਲਦੇ ਰਹੇ ਹਨ ਪਰੰਤੂ ਜਦੋਂ ਤੱਕ ਮੰਗਾਂ ਦਾ ਨਿਪਟਾਰਾ ਨਹੀਂ ਹੁੰਦਾ, ਉਦੋਂ ਤੱਕ ਹਕੂਮਤਾਂ ਨਾਲ ਲੜਾਈ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਤਿੱਖੇ ਸੰਘਰਸ਼ ਦੀ ਬਦੌਲਤ ਹੀ ਬੀਤੀ ਰਾਤ ਤੋਂ ਹੀ ਸਰਕਾਰ ਦੇ ਨੁਮਾਇੰਦੇ ਉਨ੍ਹਾਂ ਨਾਲ ਸੰਪਰਕ ਕਰ ਰਹੇ ਸਨ ਕਿ ਮੀਟਿੰਗ ਦੀ ਚਿੱਠੀ ਕਿੱਥੇ ਲੈ ਕੇ ਪੁੱਜੀਏ। ਉਨ੍ਹਾਂ ਡਿਪਟੀ ਕਮਿਸ਼ਨਰ ਜ਼ਿਕਰ ਕਰਦਿਆਂ ਕਿਹਾ ਕਿ ਜੇ ਉਹ ਸਰਕਾਰ ਅੱਗੇ ਮੰਗ ਰੱਖ ਦਿੰਦੇ ਕਿ ਡਿਪਟੀ ਕਮਿਸ਼ਨਰ ਸਟੇਜ ’ਤੇ ਪੁੱਜ ਕੇ ਮੀਟਿੰਗ ਦਾ ਪੱਤਰ ਦੇ ਕੇ ਜਾਵੇ, ਤਾਂ ਕੀ ਡਿਪਟੀ ਕਮਿਸ਼ਨਰ ਸਰਕਾਰ ਦੇ ਆਦੇਸ਼ ਨਾ ਮੰਨਦੇ ਪ੍ਰੰਤੂ ਉਹ ਬਦਲੇ ਦੀ ਭਾਵਨਾ ਕਦੇ ਵੀ ਨਹੀਂ ਰੱਖਦੇ। ਇਸ ਮੌਕੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੂਟਾਲ, ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਅਮਨਦੀਪ ਸਿੰਘ ਮਹਿਲਾਂ, ਕਰਮਜੀਤ ਕੌਰ ਭਿੰਡਰਾਂ, ਪਰਮਜੀਤ ਕੌਰ ਭੁਟਾਲ, ਜਸਵਿੰਦਰ ਕੌਰ ਖੋਖਰ, ਚਰਨਜੀਤ ਕੌਰ ਜਖੇਪਲ, ਅੰਗਰੇਜ਼ ਕੌਰ ਮਹਿਲਾਂ ਨੇ ਸੰਬੋਧਨ ਕੀਤਾ।

