ਸੰਜੀਵ ਹਾਂਡਾ
ਫਿਰੋਜ਼ਪੁਰ, 10 ਨਵੰਬਰ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਫਿਰੋਜ਼ਪੁਰ ਫੇਰੀ ਦੌਰਾਨ ਅੱਜ ਕਿਸਾਨ ਆਗੂਆਂ ਤੇ ਕਾਂਗਰਸ ਆਗੂਆਂ ਨੇ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤਾ। ਹਰਸਿਮਰਤ ਦਾ ਕਾਫ਼ਲਾ ਜਦ ਸ਼ਹਿਰ ਦੇ ਦੇਵ ਸਮਾਜ ਕਾਲਜ ਨੇੜਿਓਂ ਲੰਘਿਆ ਤਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਮਹਿਮਾ ਦੀ ਅਗਵਾਈ ਵਿਚ ਇਕੱਤਰ ਹੋਏ ਕਿਸਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵਰਦੇਵ ਸਿੰਘ ਨੋਨੀ ਮਾਨ ਦੀ ਫਾਰਚੂਨਰ ਗੱਡੀ ਰੋਕ ਲਈ। ਕੁਝ ਕਿਸਾਨ ਆਗੂ ਨੋਨੀ ਮਾਨ ਦੀ ਗੱਡੀ ਦੇ ਬੋਨਟ ਤੇ ਚੜ੍ਹ ਗਏ ਪਰ ਗੱਡੀ ਚਾਲਕ ਨੇ ਗੱਡੀ ਭਜਾ ਲਈ। ਗੁੱਸੇ ’ਚ ਆਏ ਕਿਸਾਨ ਆਗੂਆਂ ਨੇ ਗੱਡੀ ’ਤੇ ਹਮਲਾ ਕਰ ਦਿੱਤਾ ਤੇ ਗੱਡੀ ਦੇ ਸਾਰੇ ਸ਼ੀਸ਼ੇ ਭੰਨ੍ਹ ਦਿੱਤੇ। ਦੱਸਿਆ ਜਾਂਦਾ ਹੈ ਕਿ ਨੋਨੀ ਮਾਨ ਦੇ ਗੰਨਮੈਨਾਂ ਨੇ ਬਚਾਅ ਵਾਸਤੇ ਤਿੰਨ ਹਵਾਈ ਫਾਇਰ ਕੀਤੇ ਪਰ ਅਧਿਕਾਰਕ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਹੋ ਸਕੀ।
ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਮਹਿਮਾ ਦਾ ਦੋਸ਼ ਹੈ ਕਿ ਉਹ ਸ਼ਾਂਤਮਈ ਢੰਗ ਨਾਲ ਅਕਾਲੀ ਆਗੂਆਂ ਦਾ ਵਿਰੋਧ ਕਰ ਰਹੇ ਸਨ ਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੁਝ ਸਵਾਲ ਪੁੱਛਣਾ ਚਾਹੁੰਦੇ ਸਨ ਪਰ ਅਕਾਲੀ ਆਗੂਆਂ ਨੇ ਕਿਸਾਨਾਂ ਤੇ ਗੱਡੀ ਚੜ੍ਹਾ ਕੇ ਉਨ੍ਹਾਂ ਨੂੰ ਦਰੜਨ ਦੀ ਕੋਸ਼ਿਸ਼ ਕੀਤੀ, ਕਿਸਾਨਾਂ ਤੇ ਗੋਲੀਆਂ ਚਲਾਈਆਂ ਤੇ ਗੱਡੀ ਭਜਾ ਕੇ ਫ਼ਰਾਰ ਹੋ ਗਏ। ਸ਼ਹਿਰ ਦੇ ਮੱਖੂ ਗੇਟ ਇਲਾਕੇ ਵਿਚ ਵੀ ਕਾਂਗਰਸ ਪਾਰਟੀ ਦੇ ਆਗੂਆਂ ਨੇ ਹਰਸਿਮਰਤ ਬਾਦਲ ਦੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਵਿਖਾਈਆਂ। ਛਾਉਣੀ ਵਿਚ ਇੱਕ ਥਾਂ ’ਤੇ ਕਾਂਗਰਸ ਦੇ ਕੁਝ ਵਰਕਰਾਂ ਤੇ ਅਕਾਲੀਆਂ ਦਾ ਟਕਰਾਅ ਵੀ ਹੋਇਆ। ਇਸ ਝਗੜੇ ਵਿਚ ਇੱਕ ਕਾਂਗਰਸ ਵਰਕਰ ਗੰਭੀਰ ਜ਼ਖ਼ਮੀ ਹੋਇਆ ਹੈ ਜਿਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਦੇਰ ਸ਼ਾਮ ਦਿਹਾਤੀ ਹਲਕੇ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਘਰ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਪਰਮਿੰਦਰ ਪਿੰਕੀ ਦੀ ਸ਼ਹਿ ਪ੍ਰਾਪਤ ਕਾਂਗਰਸੀ ਆਗੂਆਂ ਨੇ ਕਿਸਾਨਾਂ ਦਾ ਭੇਸ ਧਾਰ ਕੇ ਅਕਾਲੀ ਦਲ ਦੀ ਮੀਟਿੰਗ ਵਿਚ ਵਿਘਨ ਪਾਇਆ ਤੇ ਜੋਗਿੰਦਰ ਜਿੰਦੂ ਤੇ ਵਰਦੇਵ ਮਾਨ ਸਮੇਤ ਅਕਾਲੀ ਆਗੂਆਂ ’ਤੇ ਹਮਲਾ ਕੀਤਾ ਤੇ ਗੋਲੀਆਂ ਚਲਾਈਆਂ। ਹਰਸਿਮਰਤ ਬਾਦਲ ਨੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਕਾਂਗਰਸੀ ਵਿਧਾਇਕ ਪਿੰਕੀ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ: ਹਰਸਿਮਰਤ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਕਿਹਾ ਕਿ ਅਕਾਲੀ ਦਲ ਕੋਲ ਸਬੂਤ ਹੈ ਕਿ ਕਾਂਗਰਸੀ ਆਗੂਆਂ ਨੇ ਕਿਸਾਨਾਂ ਦਾ ਭੇਸ ਧਾਰ ਕੇ ਅਕਾਲੀ ਦਲ ਦੇ ਪ੍ਰੋਗਰਾਮ ਵਿਚ ਵਿਘਨ ਪਾਇਆ ਤੇ ਅਕਾਲੀ ਆਗੂਆਂ ’ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਕੋਲ ਤਸਵੀਰਾਂ ਮੌਜੂਦਾ ਹਨ ਕਿ ਮਿਉਂਸਿਪਲ ਕੌਂਸਲ ਪ੍ਰਧਾਨ ਰਿੰਕੂ ਗਰੋਵਰ, ਕੌਂਸਲਰ ਪਰਮਿੰਦਰ ਹਾਂਡਾ ਤੇ ਮਾਰਕੀਟ ਕਮੇਟੀ ਦੇ ਮੀਤ ਪ੍ਰਧਾਨ ਬਲਬੀਰ ਸਿੰਘ ਵਿਰਕ, ਭਾਰਤੀ ਕਿਸਾਨ ਯੂਨੀਅਨ ਦੀ ਆੜ ਵਿਚ ਅਕਾਲੀਆਂ ਦੇ ਖਿਲਾਫ਼ ਰੋਸ ਵਿਖਾਵਾ ਕਰ ਰਹੇ ਸਨ। ਬਾਦਲ ਨੇ ਇਨ੍ਹਾਂ ਸਾਰੇ ਕਾਂਗਰਸੀ ਆਗੂਆਂ ਦੇ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਤੇ ਕਾਂਗਰਸੀ ਵਿਧਾਇਕ ਪਰਮਿੰਦਰ ਪਿੰਕੀ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਵੀ ਕੀਤੀ। ਸੁਖਬੀਰ ਬਾਦਲ ਵੱਲੋਂ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਕਾਂਗਰਸੀ ਆਗੂਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਨਾ ਕੀਤਾ ਗਿਆ ਤਾਂ ਅਕਾਲੀ ਦਲ ਸੰਘਰਸ਼ ਕਰੇਗਾ। ਐੱਸਐੱਸਪੀ ਹਰਮਨਦੀਪ ਸਿੰਘ ਹੰਸ ਨੇ ਕਿਹਾ ਕਿ ਅੱਜ ਦੇ ਪੂਰੇ ਘਟਨਾਕ੍ਰਮ ਦੀ ਜਾਂਚ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਅਕਾਲੀ ਆਗੂਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ।