ਟ੍ਰਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 27 ਜੁਲਾਈ
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੇ ਭਾਜਪਾ ਦੀ ਸੂਬਾਈ ਸਕੱਤਰ ਸੁਨੀਤਾ ਗਰਗ ਵੱਲੋਂ ਕਿਸਾਨਾਂ ਪ੍ਰਤੀ ਕਥਿਤ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ’ਤੇ ਉਸ ਦੀ ਤਸਵੀਰ ’ਤੇ ਜੁੱਤੀਆਂ ਮਾਰ ਕੇ ਉਸ ਦੇ ਘਰ ਮੂਹਰੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਇਸ ਪ੍ਰਦਰਸ਼ਨ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਈ ਮਹੀਨਿਆਂ ਤੋਂ ਇਸ ਭਾਜਪਾ ਆਗੂ ਦੇ ਘਰ ਬਾਹਰ ਧਰਨਾ ਲਾਇਆ ਹੋਇਆ ਹੈ। ਲੰਘੇ ਸਮੇਂ ਦੌਰਾਨ ਇਸ ਮਹਿਲਾ ਆਗੂ ਨਾਲ ਕਿਸਾਨ ਕਈ ਵਾਰ ਆਹਮੋ-ਸਾਹਮਣੇ ਹੋ ਚੁੱਕੇ ਹਨ ਤੇ ਮਾਮਲਾ ਕਈ ਵਾਰ ਥਾਣਿਆਂ ਤੱਕ ਪੁੱਜ ਚੁੱਕਾ ਹੈ। ਕਿਸਾਨ ਆਗੂ ਨੱਥਾ ਸਿੰਘ ਨੇ ਦੱਸਿਆ ਕਿ ਮਹਿਲਾ ਆਗੂ ਨੇ ਕਿਸਾਨਾਂ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਜਿਸ ਕਾਰਨ ਕਿਸਾਨਾਂ ’ਚ ਰੋਸ ਹੈ ਤੇ ਉਨ੍ਹਾਂ ਨੇ ਰੋਸ ਵਜੋਂ ਹੀ ਇਹ ਕਾਰਵਾਈ ਕੀਤੀ ਹੈ। ਦੂਜੇ ਪਾਸੇ ਸੁਨੀਤਾ ਗਰਗ ਨੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਭਾਜਪਾ ਦੇ ਸੂਬਾਈ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਤੇ ਉਨ੍ਹਾਂ ਦੇ ਮਸ਼ਵਰੇ ਮਗਰੋਂ ਹੀ ਮੀਡੀਆ ਵਿੱਚ ਬਿਆਨ ਜਾਰੀ ਕਰਨਗੇ।