ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ: ਸੈਣੀ
ਕੁਦਰਤੀ ਖੇਤੀ ਲੲੀ ੳੁਤਸ਼ਾਹਿਤ ਕਰਦਿਆਂ ਕਿਸਾਨਾਂ ਨਾਲ ਸੰਵਾਦ ਰਚਾਇਆ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ‘ਪ੍ਰਕ੍ਰਿਤੀ ਅੰਨ ਪ੍ਰੇਰਕ ਕਿਸਾਨ ਕਮੇਟੀ’ ਬਣਾਈ ਜਾਵੇਗੀ। ਇਹ ਕਮੇਟੀ ਹਰ ਜ਼ਿਲ੍ਹੇ ਵਿੱਚ ਹੋਵੇਗੀ। ਇਸ ਕਮੇਟੀ ਦਾ ਮੁੱਖ ਮੰਤਵ ਕਿਸਾਨਾਂ ਨਾਲ ਸੰਪਰਕ ਕਰਨਾ, ਉਨ੍ਹਾਂ ਦੇ ਖੇਤਾਂ ਵਿੱਚ ਜਾਣਾ ਅਤੇ ਸਰਕਾਰ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਕੁਦਰਤੀ ਖੇਤੀ ਨਾਲ ਜੋੜਨਾ ਹੋਵੇਗਾ। ਇਹ ਇੱਕ ਤਰ੍ਹਾਂ ਨਾਲ ਕੁਦਰਤੀ ਖੇਤੀ ਦੇ ਪ੍ਰੇਰਕ ‘ਅੰਬੈਸਡਰ’ ਹੋਣਗੇ।
ਮੁੱਖ ਮੰਤਰੀ ਅੱਜ ਇਥੇ ਹਰਿਆਣਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਰਵਾਏ ‘ਕੁਦਰਤੀ ਖੇਤੀ ਸੰਵਾਦ’ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਸਾਨਾਂ ਤੋਂ ਮਿਲੇ ਸੁਝਾਅ ’ਤੇ ਅਮਲ ਕਰਨ ਦਾ ਭਰੋਸਾ ਵੀ ਦਿੱਤਾ। ਨਾਲ ਹੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਕਿਸਾਨਾਂ ਨੇ ਕੁਦਰਤੀ ਖੇਤੀ ਲਈ ਪਸ਼ੂ ਖਰੀਦਣ ਵਾਸਤੇ ਸਬਸਿਡੀ ਲਈ ਅਰਜ਼ੀ ਦਿੱਤੀ ਹੈ, ਉਨ੍ਹਾਂ ਨੂੰ ਸਬਸਿਡੀ ਜਾਰੀ ਕੀਤੀ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਕੁਦਰਤੀ ਖੇਤੀ ਸਿਰਫ਼ ਖੇਤੀ ਕਰਨ ਦਾ ਢੰਗ ਨਹੀਂ, ਸਗੋਂ ਕਿਸਾਨ, ਕੁਦਰਤ ਅਤੇ ਸਮਾਜ ਵਿਚਕਾਰ ਟੁੱਟੇ ਹੋਏ ਸਬੰਧਾਂ ਨੂੰ ਮੁੜ ਮਜ਼ਬੂਤ ਕਰਨ ਦੀ ਮੁਹਿੰਮ ਹੈ। ਇਹ ਧਰਤੀ ਮਾਤਾ ਦੀ ਸੇਵਾ, ਖੇਤੀ ਦੀ ਲਾਗਤ ਘਟਾਉਣ, ਪਾਣੀ ਅਤੇ ਮਿੱਟੀ ਦੀ ਸੰਭਾਲ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਰੱਖਿਅਤ ਭਵਿੱਖ ਦਾ ਸਰੋਤ ਹੈ। ਸੂਬਾ ਸਰਕਾਰ ਸਮੇਂ-ਸਮੇਂ ‘ਤੇ ਕਿਸਾਨਾਂ ਨਾਲ ਸਿੱਧਾ ਸੰਵਾਦ ਕਰੇਗੀ ਅਤੇ ਕੁਦਰਤੀ ਖੇਤੀ ਦੀ ਇਸ ਮੁਹਿੰਮ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।
