ਸਿਮਰਤ ਪਾਲ ਸਿੰਘ ਬੇਦੀ/ਗੁਰਬਖ਼ਸ਼ਪੁਰੀ
ਜੰਡਿਆਲਾ ਗੁਰੂ/ਤਰਨਤਾਰਨ, 20 ਜਨਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਦੇ ਰੇਲਵੇ ਸਟੇਸ਼ਨ ਅੱਗੇ ਚੱਲ ਰਿਹਾ ‘ਰੇਲ ਰੋਕੋ ਅੰਦੋਲਨ’ ਅੱਜ 119ਵੇਂ ਦਿਨ ਵਿੱਚ ਦਾਖਲ ਹੋ ਗਿਆ ਅਤੇ ਨਿਜਰਪੁਰਾ ਟੌਲ ਪਲਾਜ਼ਾ ’ਤੇ ਚੱਲ ਰਹੀ ਲੜੀਵਾਰ ਭੁੱਖ ਹੜਤਾਲ 24ਵੇਂ ਦਿਨ ਵੀ ਜਾਰੀ ਰਹੀ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀਵਾਲਾ ਨੇ ਸ਼ਿਮਲੇ ਤੋਂ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਦੀ ਬੁਖਲਾਹਟ ਸਾਫ਼ ਨਜ਼ਰ ਆ ਰਹੀ ਹੈ, ਜਿਸ ਕਾਰਨ ਕਿਸਾਨ ਆਗੂਆਂ ਨੂੰ ਜਬਰੀ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਨੇ ਦੱਸਿਆ ਕਿ ਬਿਆਸ ਪੁਲ ਤੋਂ ਰਣਜੀਤ ਸਿੰਘ ਕਲੇਰਬਾਲਾ, ਦਿਆਲ ਸਿੰਘ ਮੀਆਂਵਿੰਡ ਅਤੇ ਵਾਲੰਟੀਅਰ ਇੰਚਾਰਜ ਅਮਰਦੀਪ ਸਿੰਘ ਗੋਪੀ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਟਰੈਕਟਰ ਟਰਾਲੀਆਂ ਦਾ ਜਥਾ ਅੱਜ ਦਿੱਲੀ ਵੱਲ ਰਵਾਨਾ ਹੋਇਆ। ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਵਿੱਚ ਟਰੈਕਟਰ ਪਰੇਡ ਲਈ ਤਿਆਰੀਆਂ ਜਾਰੀ ਹਨ ਅਤੇ ਕਿਸਾਨਾਂ ਦੇ ਹੋਰ ਜਥੇ 21 ਤੋਂ 23 ਜਨਵਰੀ ਤਕ ਦਿੱਲੀ ਵੱਲ ਕੂਚ ਕਰਨਗੇ। ਇਸੇ ਦੌਰਾਨ ਨਿਜਰਪੁਰਾ ਟੌਲ ਪਲਾਜ਼ਾ ’ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਨੌਜਵਾਨਾਂ ਦੇ 7 ਮੈਂਬਰੀ ਜਥੇ ਨੇ ਭੁੱਖ ਹੜਤਾਲ ਕੀਤੀ। ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਪਿੰਡਾਂ ਵਿੱਚੋਂ ਕਿਸਾਨ ਬੀਬੀਆਂ ਵੀ ਟਰੈਕਟਰ ਪਰੇਡ ਦਾ ਹਿੱਸਾ ਬਣਨਗੀਆਂ।
ਇਸੇ ਤਰ੍ਹਾਂ ਅੱਜ ਸਰਹੱਦੀ ਜ਼ਿਲ੍ਹੇ ਤਰਨਤਾਰਨ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਟਰੈਕਟਰ ਦਿੱਲੀ ਲਈ ਰਵਾਨਾ ਹੋਏ| ਕਿਸਾਨਾਂ ਨੇ ਟਰੈਕਟਰਾਂ ਨੂੰ ਸੁੰਦਰ ਢੰਗ ਨਾਲ ਸ਼ਿੰਗਾਰਿਆ ਹੋਇਆ ਸੀ| ਜ਼ਿਲ੍ਹੇ ਦੇ ਸਰਹੱਦੀ ਕਸਬਾ ਸਰਾਏ ਅਮਾਨਤ ਖਾਂ, ਗੰਡੀਵਿੰਡ, ਝਬਾਲ, ਸੁਰਸਿੰਘ, ਪੰਡੋਰੀ ਰਨਸਿੰਘ, ਗੋਹਲਵੜ੍ਹ, ਵਰਪਾਲ, ਖਾਲੜਾ, ਭਿੱਖੀਵਿੰਡ, ਨੌਸ਼ਹਿਰਾ ਪੰਨੂੰਆਂ ਅਤੇ ਸਰਹਾਲੀ ਤੋਂ ਟਰੈਕਟਰਾਂ ਦੇ ਕਾਫ਼ਲਿਆਂ ਦੀ ਰਵਾਨਗੀ ਹੋਈ| ਰਵਾਨਾ ਹੋਏ ਕਿਸਾਨਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿਧਵਾਂ ਅਤੇ ਖ਼ਜ਼ਾਨਚੀ ਫਤਿਹ ਸਿੰਘ ਪਿੱਦੀ ਦੀ ਅਗਵਾਈ ਹੇਠ ਹਰੀਕੇ ਕਸਬਾ ਵਿੱਚ ਇਕੱਤਰਤਾ ਕੀਤੀ, ਜਿਸ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ| ਆਗੂਆਂ ਨੇ ਕਿਹਾ ਕਿ ਸਰਕਾਰ ਨੇ ਇਕ ਸਾਜ਼ਿਸ਼ ਤਹਿਤ ਕਿਸਾਨ ਜਥੇਬੰਦੀਆਂ ਨਾਲ ਵਾਰ-ਵਾਰ ਮੀਟਿੰਗਾਂ ਦੇ ਨਾਂ ’ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਚੱਲੀਆਂ ਚਾਲਾਂ ਚੱਲੀਆਂ ਹਨ, ਜਿਨ੍ਹਾਂ ਨੂੰ ਕਿਸਾਨਾਂ ਦੇ ਏਕੇ ਨੇ ਅਸਫ਼ਲ ਬਣਾਇਆ| ਇਸ ਮੌਕੇ ਤਰਨ ਤਾਰਨ ਦੇ ਰਣਜੀਤ ਸਿੰਘ ਨੇ ਕਿਸਾਨਾਂ ਦੇ ਟਰੈਕਟਰਾਂ ਵਿੱਚ ਤੇਲ ਪਵਾਉਣ ਲਈ 50,000 ਰੁਪਏ ਦੀ ਰਾਸ਼ੀ ਦਾਨ ਵਜੋਂ ਦਿੱਤੀ| ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਜਸਬੀਰ ਸਿੰਘ ਗੰਡੀਵਿੰਡ ਦੀ ਅਗਵਾਈ ਹੇਠ ਵੀ ਕਿਸਾਨ ਦਾ ਇਕ ਜਥਾ ਟਰੈਕਟਰਾਂ ’ਤੇ ਦਿੱਲੀ ਲਈ ਰਵਾਨਾ ਹੋਇਆ|
ਚੌਂਕੀਮਾਨ ਟੌਲ ਪਲਾਜ਼ੇ ’ਤੇ ਕਾਫ਼ਲੇ ਦਾ ਭਰਵਾਂ ਸਵਾਗਤ
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 26 ਜਨਵਰੀ ਨੂੰ ਟਰੈਕਟਰ ਪਰੇਡ ਵਿੱਚ ਹਿੱਸਾ ਲੈਣ ਲਈ ਵੱਡੀ ਗਿਣਤੀ ’ਚ ਕਿਸਾਨ, ਮਜ਼ਦੂਰਾਂ ਨੇ ਦਿੱਲੀ ਵੱਲ ਵਹੀਰਾਂ ਘੱਤ ਦਿੱਤੀਆਂ ਹਨ। ਮਾਝਾ ਖੇਤਰ ਦੇ ਜ਼ਿਲ੍ਹਾ ਤਰਨ ਤਾਰਨ, ਪੱਟੀ, ਅੰਮ੍ਰਿਤਸਰ, ਭਿੱਖੀਵਿੰਡ, ਫਿਰੋਜ਼ਪੁਰ ਅਤੇ ਜ਼ੀਰਾ ਨਾਲ ਸਬੰਧਤ ਕਿਸਾਨਾਂ ਨੇ ਮੋਗਾ, ਲੁਧਿਆਣਾ ਨਹਿਰੀ ਬਾਈਪਾਸ ਰਾਹੀਂ ਦਿੱਲੀ ਮੁੱਖ ਮਾਰਗ ਵਾਲਾ ਰੂਟ ਅਪਣਾਇਆ। ਲੁਧਿਆਣਾ-ਫਿਰੋਜ਼ਪੁਰ ਮਾਰਗ ਉੱਤੇ ਚੌਂਕੀਮਾਨ ਟੌਲ ਪਲਾਜ਼ੇ ’ਤੇ ਲੱਗੇ ਪੱਕੇ ਧਰਨੇ ਵਾਲੀ ਥਾਂ ਪ੍ਰਬੰਧਕਾਂ ਨੇ ਇਨ੍ਹਾਂ ਜਥਿਆਂ ਲਈ ਚਾਹ-ਪਕੌੜਿਆਂ ਅਤੇ ਲੰਗਰ ਦਾ ਪ੍ਰਬੰਧ ਕੀਤਾ। ਪੀਲੇ, ਲਾਲ, ਹਰੇ ਅਤੇ ਕੇਸਰੀ ਝੰਡਿਆਂ ਨਾਲ ਲੈੱਸ ਕਿਸਾਨ ਮਜ਼ਦੂਰਾਂ ਦਾ ਵੱਡਾ ਕਾਫ਼ਲਾ ਕਰੀਬ 5 ਸੌ ਟਰੈਕਟਰਾਂ ਟਰਾਲੀਆਂ ’ਤੇ ਸਵਾਰ ਹੋ ਕੇ ਦਿੱਲੀ ਵੱਲ ਵਧਿਆ। ਕਾਫ਼ਲੇ ਵਿੱਚੋਂ ਆਕਾਸ਼ ਗੂੰਜ਼ਾਊ ਨਾਅਰੇ ਦੂਰ-ਦੂਰ ਤਕ ਸੁਣਾਈ ਦੇ ਰਹੇ ਸਨ। ਟਰਾਲੀਆਂ ਵਿੱਚ ਸਵਾਰ ਨੌਜਵਾਨਾਂ, ਬਜ਼ੁਰਗਾਂ, ਬੱਚਿਆਂ ਅਤੇ ਬੀਬੀਆਂ ਦੇ ਬੁਲੰਦ ਹੌਂਸਲੇ ਦੇਖਣਯੋਗ ਸਨ। ਮਾਝੇ ਵਿੱਚੋਂ ਆਏ ਕਿਸਾਨ ਧਰਮ ਸਿੰਘ, ਜਗਤ ਸਿੰਘ ਅਤੇ ਬਲਿਹਾਰ ਸਿੰਘ ਨੇ ਦੱਸਿਆ ਕਿ ਇਹ ਰੂਟ ਸੁਖਾਲਾ ਅਤੇ ਨੇੜੇ ਵਾਲਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਜੰਮਿਆਂ ਨੂੰ ਦਿੱਲੀ ਦੂਰ ਨਹੀਂ ਅਤੇ ਉਹ ਆਪਣੀਆਂ ਜ਼ਮੀਨਾਂ ਕਿਸੇ ਨੂੰ ਖੋਹਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਮੋਦੀ ਅਤੇ ਪੂੰਜੀਪਤੀਆਂ ਨੂੰ ਪੰਜਾਬ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ।