ਕਿਸਾਨਾਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਦਾ ਐਲਾਨ
ਕਿਸਾਨ ਮਜ਼ਦੂਰ ਮੋਰਚਾ 13 ਨੂੰ ਸਾੜੇਗਾ ਬਿਜਲੀ ਸੋਧ, ਬੀਜ ਤੇ ਜੀ ਰਾਮ ਜੀ ਕਾਨੂੰਨ ਦੀਆਂ ਕਾਪੀਆਂ
ਕਿਸਾਨ ਮਜ਼ਦੂਰ ਮੋਰਚਾ (ਕੇ ਐੱਮ ਐੱਮ) ਵੱਲੋਂ ਕੇਂਦਰ ਸਰਕਾਰ ਦੀਆਂ ਕਿਸਾਨ ਤੇ ਮਜ਼ਦੂਰ ਵਿਰੋਧੀ ਨੀਤੀਆਂ ਅਤੇ ਪੰਜਾਬ ਸਰਕਾਰ ਵੱਲੋਂ ਮੀਟਿੰਗ ਦਾ ਸਮਾਂ ਦੇ ਕੇ ਮੁੱਕਰ ਜਾਣ ਵਿਰੁੱਧ ਸੰਘਰਸ਼ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਮੋਰਚਾ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ, ਮਨਜੀਤ ਸਿੰਘ ਰਾਏ ਤੇ ਜਸਵਿੰਦਰ ਸਿੰਘ ਲੌਂਗੋਵਾਲ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਦੋਵਾਂ ਸਰਕਾਰਾਂ ਵਿਰੁੱਧ ਸੰਘਰਸ਼ ਤੇਜ਼ ਕੀਤਾ ਜਾਵੇਗਾ। ਮੋਰਚਾ ਆਗੂਆਂ ਨੇ ਦੱਸਿਆ ਕਿ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਬਿਜਲੀ ਸੋਧ ਬਿੱਲ 2025, ਬੀਜ ਕਾਨੂੰਨ 2025 ਅਤੇ ‘ਜੀ ਰਾਮ ਜੀ ਕਾਨੂੰਨ’ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। 18 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਮਜੀਠਾ (ਅੰਮ੍ਰਿਤਸਰ) ਦੌਰੇ ਦੌਰਾਨ ਉਨ੍ਹਾਂ ਨੂੰ ਸ਼ੰਭੂ-ਖਨੌਰੀ ਮੋਰਚਾ ਉਜਾੜਨ, ਟਰਾਲੀਆਂ ਦੀ ਚੋਰੀ ਅਤੇ ਹੋਰ ਮੰਗਾਂ ਸਬੰਧੀ ਸਵਾਲ ਕੀਤੇ ਜਾਣਗੇ। 21 ਤੇ 22 ਜਨਵਰੀ ਨੂੰ ਸਮਾਰਟ ਮੀਟਰ ਉਤਾਰ ਕੇ ਨੇੜਲੇ ਬਿਜਲੀ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਏ ਜਾਣਗੇ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ’ਚ ਹੋਰ ਪ੍ਰਦਰਸ਼ਨ ਵੀ ਕੀਤੇ ਜਾਣਗੇ।

