ਧਰਨੇ ਲਈ ਟਰਾਲੀਆਂ ’ਚ ਘਰ ਬਣਾਉਣ ਲੱਗੇ ਕਿਸਾਨ

ਧਰਨੇ ਲਈ ਟਰਾਲੀਆਂ ’ਚ ਘਰ ਬਣਾਉਣ ਲੱਗੇ ਕਿਸਾਨ

ਲਹਿਰਾਗਾਗਾ ਵਿੱਚ ਕਿਸਾਨਾਂ ਵੱਲੋਂ ਤਿਆਰ ਕੀਤੀ ਗਈ ਇੱਕ ਟਰਾਲੀ ਦੀ ਤਸਵੀਰ।

ਰਮੇਸ਼ ਭਾਰਦਵਾਜ

ਲਹਿਰਾਗਾਗਾ, 22 ਨਵੰਬਰ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਨੇ ਖੇਤੀ ਕਾਨੂੰਨ ਰੱਦ ਕਰਨ ਲਈ 26-27 ਨਵੰਬਰ ਨੂੰ ‘ਦਿੱਲੀ ਚੱਲੋ’ ਮੁਹਿੰਮ ਤਹਿਤ ਧਰਨੇ ਲਈ ਟਰਾਲੀਆਂ ਨੂੰ ਹੀ ਘਰ ਬਣਾਉਣ ਦੀ ਤਿਆਰੀ ਵਿੱਢ ਲਈ ਹੈ। ਬਲਾਕ ਲਹਿਰਾਗਾਗਾ ’ਚ 70 ਟਰਾਲੀਆਂ ਬਾਕਾਇਦਾ ਤਿਆਰ ਹਨ ਅਤੇ ਹਰੇਕ ਟਰਾਲੀ ’ਚ ਰਾਸ਼ਨ ਲੰਗਰ ਲਈ ਆਟਾ-ਦਾਲ, ਸਰਦੀ ਕਰਕੇ ਬਿਸਤਰੇ, ਪਾਣੀ ਵਾਲੀਆਂ ਟੈਂਕੀਆਂ ਅਤੇ ਜੈਨਰੇਟਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਅਤੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਨੇ ਦੱਸਿਆ ਕਿ ਜਥੇਬੰਦੀ ਕੋਲ ਬਲਾਕ ਦੀਆਂ 70 ਟਰਾਲੀਆਂ ਦੀ ਸੂਚੀ ਪਹੁੰਚ ਚੁੱਕੀ ਹੈ ਅਤੇ ਅਗਲੇ ਦੋ ਦਿਨਾਂ ’ਚ ਕਿਸਾਨਾਂ ਦੇ ‘ਦਿੱਲੀ ਚੱਲੋ’ ਸੰਘਰਸ਼ ਪ੍ਰਤੀ ਊਤਸ਼ਾਹ ਨੂੰ ਦੇਖਦਿਆਂ ਇਨ੍ਹਾਂ ਟਰਾਲੀਆਂ ਦੀ ਗਿਣਤੀ ਵਧਣ ਦੇ ਆਸਾਰ ਹਨ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ’ਚ ਔਰਤਾਂ ਵੀ ਖੇਤੀ ਧੰਦੇ ਬਚਾਉਣ ਲਈ ਆਪਣੀ ਹਾਜ਼ਰੀ ਲਗਵਾਉਣ ਲਈ ਵਚਨਬੱਧ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ, ਔਰਤਾਂ ਅਤੇ ਨੌਜਵਾਨ ਖਨੌਰੀ ਰਾਹੀਂ ਦਿੱਲੀ ਜਾਣਗੇ ਅਤੇ ਜੇਕਰ ਹਰਿਆਣਾ ਜਾਂ ਦਿੱਲੀ ਸਰਕਾਰ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਿਆ ਤਾਂ ਉਹ ਜਥੇਬੰਦੀ ਦੀ ਕੇਂਦਰੀ ਕਮੇਟੀ ਨੂੰ ਜਾਣਕਾਰੀ ਦੇਣਗੇ ਅਤੇ ਉਸੇ ਥਾਂ ਬੈਠ ਕੇ ਧਰਨਾ ਲਾਊਣਗੇ।

ਆਗੂਆਂ ਨੇ ਸਪੱਸ਼ਟ ਕੀਤਾ ਕਿ ਖੇਤੀ ਬਚਾਉਣ ਖਾਤਰ ਵੱਡੇ ਕਾਫ਼ਲੇ ਦਿੱਲੀ ਵੱਲ ਵਹੀਰਾਂ ਘੱਤਣਗੇ, ਜਿਸ ਦੀ ਤਿਆਰੀ ਵਾਸਤੇ ਮਾਵਾਂ-ਭੈਣਾਂ ਪਿੰਡਾਂ ਵਿੱਚੋਂ ਰਾਸ਼ਨ ਇੱਕਠਾ ਕਰ ਰਹੀਆਂ ਹਨ ਅਤੇ ਘਰ-ਘਰ ਲਗਾਤਾਰ ਤਿੰਨ ਦਿਨ ਦਿੱਲੀ ਜਾਣ ਦਾ ਸੁਨੇਹਾ ਵੀ ਲਾ ਰਹੀਆਂ ਹਨ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਲਾਇਆ ਮੋਰਚਾ ਰਿਲਾਇੰਸ ਪੰਪ ਲਹਿਲ ਖੁਰਦ (ਲਹਿਰਾਗਾਗਾ) ਅੱਗੇ ਜਥੇਬੰਦੀ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਅੱਜ 53ਵੇਂ ਦਿਨ ਵੀ ਜਾਰੀ ਰਿਹਾ। ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨ ਅਤੇ ਬਿਜਲੀ ਸੋਧ ਬਿੱਲ ਦਾ ਉਸੇ ਦਿਨ ਤੋਂ ਹੀ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ ਪਰ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ।

ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਚੁਣੀਆਂ ਗਈਆਂ ਸਰਕਾਰਾਂ ਲੋਕਾਂ ਦੀ ਸੇਵਾ ਲਈ ਹਨ ਜਾਂ ਸਿਰਫ ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰਨ ਵਾਸਤੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All