ਪਰਮਜੀਤ ਸਿੰਘ
ਫ਼ਾਜ਼ਿਲਕਾ, 25 ਜੁਲਾਈ
ਫ਼ਾਜ਼ਿਲਕਾ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਕਮਾਲਵਾਲਾ ’ਚ ਪੁਰਾਣੀ ਰੰਜਿਸ਼ ਕਾਰਨ ਅੱਜ ਇੱਕ ਕਿਸਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਮਰੀਕ ਸਿੰਘ ਨੇ ਦੱਸਿਆ ਕਿ ਪੁਸ਼ਪਿੰਦਰ ਸਿੰਘ ਉਸ ਦੀ ਮਾਸੀ ਦਾ ਲੜਕਾ ਸੀ। ਉਸ ਦਾ ਨੇੜਲੀ ਢਾਣੀ ਦੇ ਵਸਨੀਕ ਜਸਵਿੰਦਰ ਸਿੰਘ ਨਾਲ ਕੋਈ ਪੁਰਾਣਾ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਉਹ ਰੰਜਿਸ਼ ਰੱਖਦਾ ਸੀ। ਉਸ ਨੇ ਦੱਸਿਆ ਅੱਜ ਸਵੇਰੇ ਕਰੀਬ 9 ਵਜੇ ਜਦੋਂ ਪੁਸ਼ਪਿੰਦਰ ਸਿੰਘ (37) ਆਪਣੇ ਘਰ ਵਿਚ ਸੀ ਤਾਂ ਜਸਵਿੰਦਰ ਸਿੰਘ ਅਤੇ ਉਸ ਦਾ ਲੜਕਾ ਗੁਰਪ੍ਰੀਤ ਸਿੰਘ ਬੁਲਟ ਮੋਟਰਸਾਈਕਲ ’ਤੇ ਆਏ ਅਤੇ ਉਨ੍ਹਾਂ ਪਿਸਤੌਲ ਨਾਲ ਪੁਸ਼ਪਿੰਦਰ ਸਿੰਘ ਨੂੰ ਦੋ ਗੋਲੀਆਂ ਮਾਰ ਦਿੱਤੀਆਂ। ਪੁਸ਼ਪਿੰਦਰ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਖੂਈਖੇੜਾ ਦੀ ਪੁਲੀਸ ਨੇ ਮੁਲਜ਼ਮਾਂ ਖਿ਼ਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।