Farmer Protest: ਅਮਰੀਕਾ ਨਾਲ ਵਪਾਰ ਸਮਝੌਤਾ ਹੋਇਆ ਤਾਂ ਪੂਰਾ ਭਾਰਤ ਜਾਮ ਕਰਾਂਗੇ: ਰਾਜੇਵਾਲ
ਭਾਕਿਯੂ ਰਾਜੇਵਾਲ ਵੱਲੋਂ 13 ਜੁਲਾਈ ਨੂੰ ਚੰਡੀਗੜ੍ਹ ਵਿਖੇ ਮੋਟਰਸਾਈਕਲ ਮਾਰਚ ਕੀਤਾ ਜਾਵੇਗਾ
ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਜਥੇਬੰਦੀ ਦੇ ਕੌਮੀ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਪੰਜਾਬ ਦੇ ਪਾਣੀਆਂ ਅਤੇ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਵਿਰੁੱਧ ਚੰਡੀਗੜ੍ਹ ਵਿਖੇ 13 ਜੁਲਾਈ ਨੂੰ ਇੱਕ ਵੱਡਾ ਮੋਟਰਸਾਈਕਲ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ।
ਪੰਜਾਬ ਦੇ ਪਾਣੀਆਂ ਦਾ ਗੰਭੀਰ ਮੁੱਦਾ
ਮੀਟਿੰਗ ਵਿੱਚ ਸਭ ਦਾ ਮੱਤ ਸੀ ਕਿ ਪੰਜਾਬ ਦਾ ਪਾਣੀ ਇੱਕ ਪਾਸੇ ਬੁਰੀ ਤਰ੍ਹਾਂ ਦੂਸ਼ਿਤ ਹੋ ਰਿਹਾ ਹੈ, ਜਿਸ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ। ਸਰਕਾਰਾਂ ਨੂੰ ਕੋਈ ਚਿੰਤਾ ਨਹੀਂ, ਪੰਜਾਬ ਦਾ ਪਾਣੀ ਖ਼ਤਮ ਹੋਣ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਸਰਕਾਰੀ ਧੱਕੇਸ਼ਾਹੀ ਨਾਲ ਗੈਰ ਸੰਵਿਧਾਨਕ ਤੌਰ 'ਤੇ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਦੇ ਰਹੀ ਹੈ।
ਇਸ ਮੌਕੇ ਰਾਜੇਵਾਲ ਨੇ ਕਿਹਾ ਕਿ ਧਰਤੀ ਦੀ ਦੂਜੀ ਤਹਿ ਵਾਲਾ ਦੂਸ਼ਿਤ ਪਾਣੀ ਬਹੁਤ ਛੇਤੀ ਖ਼ਤਮ ਹੋ ਜਾਵੇਗਾ ਤੇ ਤੀਜੀ ਤਹਿ ਦਾ ਪਾਣੀ ਨਾ ਮਨੁੱਖ ਦੇ ਪੀਣਯੋਗ ਤੇ ਨਾ ਹੀ ਫਸਲਾਂ ਨੂੰ ਲਾਉਣ ਯੋਗ ਰਹੇਗਾ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਅਫਸੋਸ ਇਸ ਗੱਲ ਦਾ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਲੋਕਾਂ ਦੇ ਅਜਿਹੇ ਮੁੱਦਿਆਂ ’ਤੇ ਚੁੱਪ ਹਨ।
ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ
ਰਾਜੇਵਾਲ ਨੇ ਕਿਹਾ ਕਿ ਭਾਰਤ ਸਰਕਾਰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਥੱਲੇ ਲੱਗ ਗਈ ਹੈ ਅਤੇ ਬਹੁਤ ਜਲਦ ਅਮਰੀਕਾ ਨਾਲ਼ ਇੱਕ ਵਪਾਰਕ ਸਮਝੌਤਾ ਕਰਨ ਜਾ ਰਹੀ ਹੈ ਜਿਸ ਵਿੱਚ ਅਮਰੀਕਾ ਨੂੰ ਆਪਣਾ ਮਾਲ ਵੇਚਣ ਲਈ ਭਾਰਤ ਦੀ ਮੰਡੀ ਖੋਲ੍ਹਣ ਦੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਕਿਸਾਨਾਂ ਕੋਲ ਹਜ਼ਾਰਾਂ ਏਕੜ ਦੇ ਫਾਰਮ ਹਨ, ਜਿਨ੍ਹਾਂ ਨੂੰ ਅਮਰੀਕਾ ਸਰਕਾਰ ਮੋਟੀ ਸਬਸਿਡੀ ਦਿੰਦੀ ਹੈ।
ਦੂਜੇ ਪਾਸੇ ਭਾਰਤ ਵਿਚ 86 ਪ੍ਰਤੀਸ਼ਤ ਕਿਸਾਨਾਂ ਕੋਲ ਪੰਜ ਏਕੜ ਤੋਂ ਘੱਟ ਜ਼ਮੀਨ ਦੀ ਮਾਲਕੀ ਹੈ, ਜਿੰਨ੍ਹਾਂ ਤੋਂ ਅਮਰੀਕਨ ਫਾਰਮੂਲੇ ਅਨੁਸਾਰ ਭਾਰਤ ਸਰਕਾਰ ਸਬਸਿਡੀ ਦੇਣ ਦੀ ਬਜਾਏ ਘੱਟ ਭਾਅ ਮਿੱਥ ਕੇ ਉਨ੍ਹਾਂ ਦੇ ਮੁਨਾਫ਼ੇ ਦਾ 40 ਪ੍ਰਤੀਸ਼ਤ ਲੁੱਟ ਲੈਦੀ ਹੈ। ਅਜਿਹੀਆਂ ਨੀਤੀਆਂ ਕਾਰਨ ਸਾਡਾ ਕਿਸਾਨ ਅਮਰੀਕਾ ਦੇ ਕਿਸਾਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ, ਜੇਕਰ ਇਹ ਸਮਝੌਤਾ ਹੋ ਜਾਂਦਾ ਹੈ ਤਾਂ ਭਾਰਤ ਦਾ ਕਿਸਾਨ ਬਰਬਾਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਭਾਰਤ ਸਰਕਾਰ ਨੇ ਅਮਰੀਕਾ ਨਾਲ਼ ਇਹ ਵਪਾਰ ਸਮਝੌਤਾ ਕੀਤਾ ਤਾਂ ਦੇਸ਼ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਅਗਲੇ ਹੀ ਦਿਨ ਸਾਰੇ ਭਾਰਤ ਨੂੰ ਜਾਮ ਕਰ ਦੇਣਗੀਆਂ।
ਯੂਰੀਆ ਖਾਦ ਦਾ ਵੱਡਾ ਘਪਲਾ ਅਤੇ ਜਾਂਚ ਦੀ ਮੰਗ
ਪਿਛਲੇ ਦਿਨੀਂ ਬੀ ਕੇ ਯੂ ਰਾਜੇਵਾਲ ਨੇ ਮਾਰਕਫੈੱਡ ਅਤੇ ਮਿਲਕਫ਼ੈਡ ਦੇ ਸਹਿਕਾਰੀ ਪਸ਼ੂ ਖੁਰਾਕ ਦੇ ਕਾਰਖਾਨਿਆਂ ’ਚ ਵੱਡੇ ਪੱਧਰ ’ਤੇ ਯੂਰੀਆਂ ਖਾਦ ਦੇ ਹੋ ਰਹੇ ਘਪਲੇ ਨੂੰ ਵੀ ਨੰਗਾ ਕੀਤਾ, ਇੰਝ ਭੱਟੀਆਂ, ਘਣੀਏ ਕੇ ਬਾਂਗਰ (ਬਟਾਲਾ), ਗਿੱਦੜਬਾਹਾ ਤੇ ਕਪੂਰਥਲਾ ਦੇ ਪਲਾਂਟਾਂ ’ਚ ਹੁੰਦੀ ਘਪਲੇਬਾਜ਼ੀ ਵਿਰੁੱਧ ਪਰਚੇ ਦਰਜ ਹੋ ਚੁੱਕੇ ਹਨ। ਰਾਜੇਵਾਲ ਨੇ ਕਿਹਾ ਕਿ ਇਹਨਾਂ ਸਹਿਕਾਰੀ ਫੀਡ ਦੇ ਕਾਰਖਾਨਿਆਂ ਤੋਂ ਬਗੈਰ ਸ਼ਰਾਬ ਦੇ ਕਾਰਖਾਨਿਆਂ ਅਤੇ ਪਲਾਈਵੁੱਡ ਕਾਰਖਾਨਿਆਂ ਵਿੱਚ ਵੀ ਇਹ ਘਪਲਾ ਹੁੰਦਾ ਹੈ। ਸਾਰੇ ਦੇਸ਼ ਵਿਚ ਯੂਰੀਆ ਖਾਦ ਦਾ ਇਹ ਘਪਲਾ ਹਜ਼ਾਰਾਂ ਕਰੋੜ ਦਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਘਪਲੇ ਦੀ ਜਾਂਚ ਲਈ ਸੀ ਬੀ ਆਈ ਨੂੰ ਵੀ ਬੇਨਤੀ ਕੀਤੀ ਹੈ ਅਤੇ ਜਲਦੀ ਹੀ ਯੂਨੀਅਨ ਦਾ ਇੱਕ ਵਫਦ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਕੇ ਇਸ ਦੀ ਜਾਂਚ ਗੰਭੀਰਤਾ ਨਾਲ ਕੇਂਦਰੀ ਏਜੰਸੀਆਂ ਤੋਂ ਕਰਵਾਉਣ ਦੀ ਮੰਗ ਕਰੇਗਾ। ਅੱਜ ਦੀ ਮੀਟਿੰਗ ’ਚ ਸੀਨੀ ਮੀਤ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ, ਮੀਤ ਪ੍ਰਧਾਨ ਨੇਕ ਸਿੰਘ ਖੋਖ, ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ, ਸਕੱਤਰ ਘੁੰਮਣ ਸਿੰਘ ਰਾਜਗੜ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ, ਸਕੱਤਰ ਪ੍ਰਮਦੀਪ ਸਿੰਘ ਬੈਦਵਾਨ, ਮੀਤ ਪ੍ਰਧਾਨ ਕਸ਼ਮੀਰ ਸਿੰਘ ਜਟਾਣਾ, ਜਨਰਲ ਸਕੱਤਰ ਹਰਦੀਪ ਸਿੰਘ ਘਨੁੜਕੀ, ਮਨਮੋਹਨ ਸਿੰਘ ਥਿੰਦ, ਗੁਰਮੀਤ ਸਿੰਘ ਕਪਿਆਲ, ਨਗਿੰਦਰ ਸਿੰਘ ਬਬਲਾ, ਪ੍ਰਗਟ ਸਿੰਘ ਤਰਨਤਾਰਨ, ਜ਼ਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਕੋਟ ਪਨੈਚ, ਮਨਪ੍ਰੀਤ ਸਿੰਘ ਸਿੱਧੂ ਲੁਧਿਆਣਾ, ਰਣਧੀਰ ਸਿੰਘ ਚੱਕਲ, ਮੋਹਨ ਸਿੰਘ ਫੌਜੀ ਅਤੇ ਇਸ ਤੋਂ ਇਲਾਵਾ ਜ਼ਿਲ੍ਹਿਆਂ ਤੇ ਬਲਾਕਾਂ ਦੇ ਪ੍ਰਧਾਨਾਂ ਸਮੇਤ ਹੋਰ ਵੀ ਬਹੁਤ ਸਾਰੇ ਅਹੁਦੇਦਾਰ ਹਾਜ਼ਰ ਸਨ।
