ਸੜਕ ਹਾਦਸੇ ’ਚ ਕਿਸਾਨ ਆਗੂ ਦੀ ਮੌਤ
ਇਥੋਂ ਲਾਗਲੇ ਪਿੰਡ ਉਦੇਕਰਨ ਕੋਲ ਦੇਰ ਸ਼ਾਮ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਗੱਡੀ ਦਾ ਰੋਡਵੇਜ਼ ਦੀ ਬੱਸ ਨਾਲ ਟੱਕਰ ਹੋਣ ਕਾਰਨ ਗੱਡੀ ਦੇ ਚਾਲਕ ਕਿਸਾਨ ਆਗੂ ਦੀ ਮੌਤ ਹੋ ਗਈ, ਜਦੋਂ ਕਿ ਦੂਸਰਾ ਕਿਸਾਨ ਆਗੂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। ਮ੍ਰਿਤਕ ਦੀ ਪਛਾਣ ਕੋਟਕਪੂਰਾ ਦੇ ਇਕਾਈ ਪ੍ਰਧਾਨ ਹਰਜੀਤ ਸਿੰਘ (60) ਵਜੋਂ ਹੋਈ ਹੈ, ਜਦੋਂ ਕਿ ਜ਼ਖਮੀ ਬਲਵੰਤ ਸਿੰਘ ਇਕਾਈ ਪ੍ਰਧਾਨ ਪਿੰਡ ਨੰਗਲ (ਫਰੀਦਕੋਟ) ਦਾ ਹੈ। ਕੋਟਕਪੂਰਾ ਬਲਾਕ ਤੋਂ ਦੋ ਟਰਾਲੀਆਂ ਅਤੇ ਕਈ ਗੱਡੀਆਂ ਵਿੱਚ ਕਿਸਾਨ ਆਗੂ ਕਣਕ ਦਾ ਬੀਜ ਲੈ ਕੇ ਫਾਜ਼ਿਲਕਾ ਖ਼ੇਤਰ ਦੇ ਹੜ੍ਹ ਪੀੜਤ ਪਿੰਡਾਂ ਨੂਰ ਸ਼ਾਹ ਵੱਲੇ ਸ਼ਾਹ ਉਤਾੜ, ਰਾਣਾ, ਗੰਜੂ ਹਸਤਾ ਤੇ ਦੋਨਾ ਸਿਕੰਦਰ ਆਦਿ ਪਿੰਡਾਂ ਵਿੱਚ ਵੰਡ ਕੇ ਕੋਟਕਪੂਰਾ ਪਰਤ ਰਹੇ ਸਨ ਕਿ ਪਿਕਅੱਪ ਵਾਹਨ ਪਿੰਡ ਉਦੇਕਰਨ ਕੋਲ ਹਾਦਸਾਗ੍ਰਸਤ ਹੋ ਗਿਆ। ਮ੍ਰਿਤਕ ਕਿਸਾਨ ਦੀ ਦੇਹ ਸਿਵਲ ਹਸਪਤਾਲ ਮੁਕਤਸਰ ਵਿਖੇ ਰੱਖੀ ਗਈ ਹੈ, ਜਦੋਂ ਕਿ ਜ਼ਖ਼ਮੀ ਇੱਥੋਂ ਦੇ ਦੀ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਜ਼ਖ਼ਮੀ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਉਸ ਦੀ ਹਾਲਤ ਗੰਭੀਰ ਹੈ। ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਹਰਜੀਤ ਸਿੰਘ ਦੇ ਪਰਿਵਾਰ ਨੂੰ 10 ਲੱਖ ਦਾ ਮੁਆਵਜ਼ਾ, ਸਾਰਾ ਕਰਜ਼ਾ ਮੁਆਫ਼ ਕਰਨ ਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਤੇ ਗੰਭੀਰ ਜ਼ਖਮੀ ਕਿਸਾਨ ਆਗੂ ਬਲਵੰਤ ਸਿੰਘ ਨੰਗਲ ਦਾ ਮੁਕੰਮਲ ਡਾਕਟਰੀ ਇਲਾਜ ਸਰਕਾਰੀ ਖਰਚੇ ਤੇ ਕਰਵਾਉਣ ਦੀ ਮੰਗ ਕੀਤੀ ਹੈ।
