ਇਰਾਨ 'ਤੇ ਹਮਲੇ ਦੇ ਵਿਰੋਧ 'ਚ ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਟਰੰਪ ਤੇ ਨੇਤਨਯਾਹੂ ਦੇ ਫੂਕੇ ਪੁਤਲੇ
ਇਰਾਨ ਉੱਤੇ ਹਮਲਿਆਂ ਦੇ ਵਿਰੋਧ ਦਾ ਪੰਜਾਬ ਤੱਕ ਪਹੁੰਚਿਆ ਸੇਕ
ਅਮਰੀਕਾ-ਇਜ਼ਰਾਈਲ ਵੱਲੋਂ ਇਰਾਨ ਦੀ ਸਿਖਰਲੀ ਲੀਡਰਸ਼ਿਪ ਅਤੇ ਸਕੂਲੀ ਬੱਚੀਆਂ ਸਹਿਤ ਆਮ ਲੋਕਾਂ ਦੀਆਂ ਜਾਨਾਂ ਲੈਣ ਦੇ ਵਿਰੋਧ ਵਿੱਚ ਖੱਬੀਆਂ ਪਾਰਟੀਆਂ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਟਰੰਪ ਤੇ ਨੇਤਨਯਾਹੂ ਦਾ ਪੁਤਲਾ ਫੂਕਿਆ ਅਤੇ ਇਸ ਇਕਪਾਸੜ ਹਮਲੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਬੱਸ ਸਟੈਂਡ ਸਾਹਮਣੇ ਕੀਤੇ ਇਸ ਰੋਸ ਵਿਖਾਵੇ ਵਿੱਚ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਸੀਪੀਆਈ (ਐੱਮ ਐੱਲ) ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਸੀਪੀਐੱਮ ਦੇ ਜ਼ਿਲ੍ਹਾ ਆਗੂ ਘਣੀਸ਼ਾਮ ਨਿੱਕੂ, ਪ੍ਰਗਤੀਸ਼ੀਲ ਇਸਤਰੀ ਸਭਾ ਵੱਲੋਂ ਜਸਬੀਰ ਕੌਰ ਨੱਤ, ਬਲਵਿੰਦਰ ਕੌਰ ਖਾਰਾ, ਮੁਸਲਿਮ ਫਰੰਟ ਪੰਜਾਬ ਵੱਲੋਂ ਸ਼ਿੰਗਾਰਾ ਖਾਨ ਤੇ ਰਵੀ ਖਾਨ, ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਵੱਲੋਂ ਗੁਰਸੇਵਕ ਮਾਨ, ਬਿੰਦਰ ਕੌਰ ਉੱਡਤ, ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਕੇਵਲ ਸਿੰਘ, ਆਟੋ ਰਿਕਸ਼ਾ ਯੂਨੀਅਨ ਵੱਲੋਂ ਪ੍ਰਧਾਨ ਗੋਗੀ ਸਿੰਘ ਅੰਗਰੇਜ਼ ਘਰਾਂਗਣਾ, ਰਾਜੀਵ ਕੁਮਾਰ ਅਤੇ ਕਰਨੈਲ ਸਿੰਘ ਮਾਨਸਾ, ਸੁਖਚਰਨ ਦਾਨੇਵਾਲੀਆ ਤੇ ਮਨਜੀਤ ਸਿੰਘ ਸੋਢੀ ਹਾਜ਼ਰ ਸਨ।
ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਇਰਾਨ ਨੇ ਨਾ ਕਿਸੇ ਹੋਰ ਦੇਸ਼ ਉੱਤੇ ਕਬਜ਼ਾ ਕੀਤਾ ਹੈ ਨਾ ਕੋਈ ਹਮਲਾ, ਬਿਨਾਂ ਕਾਰਨ ਉਸ ਉਤੇ ਭਿਆਨਕ ਹਮਲਾ ਕਰਕੇ ਟਰੰਪ ਵੱਲੋਂ ਇਰਾਨ ਦੀ ਸਾਰੀ ਮੋਹਰੀ ਲੀਡਰਸ਼ਿਪ ਨੂੰ ਸ਼ਹੀਦ ਕਰ ਦੇਣਾ ਸ਼ਰੇਆਮ ਕੌਮਾਂਤਰੀ ਪੱਧਰ 'ਤੇ ਗੁੰਡਾਗਰਦੀ ਹੈ। ਕਾਮਰੇਡ ਸੁਖਦਰਸ਼ਨ ਨੱਤ ਨੇ ਕਿਹਾ ਕਿ ਅਮਰੀਕਾ ਸੰਸਾਰ ਦੇ ਸਾਰੇ ਤੇਲ ਭੰਡਾਰਾਂ ਅਤੇ ਹੋਰ ਕੁਦਰਤੀ ਸਰੋਤਾਂ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਪਹਿਲਾਂ ਹੀ ਇਰਾਕ, ਲਿਬੀਆ, ਸੀਰੀਆ ਤੇ ਵੇਨੇਜ਼ੁਏਲਾ ਨੂੰ ਲੁੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੁਨੀਆ ਦੀ ਇਨਸਾਫਪਸੰਦ ਜਨਤਾ ਅਤੇ ਸਰਕਾਰਾਂ ਨੇ ਉਸ ਦਾ ਮੂੰਹ ਨਾ ਭੰਨਿਆ, ਤਾਂ ਬਿਨਾਂ ਸ਼ੱਕ ਟਰੰਪ ਕਿਊਬਾ ਨੂੰ ਅਗਲਾ ਨਿਸ਼ਾਨਾ ਬਣਾਵੇਗਾ। ਰਵੀ ਖਾਨ ਨੇ ਕਿਹਾ ਕਿ ਸ਼ਹੀਦ ਖਮੇਨੀ ਸਿਰਫ਼ ਇਰਾਨ ਦਾ ਨਹੀਂ ਸੀ, ਉਹ ਸੰਸਾਰ ਭਰ ਦੇ ਸ਼ੀਆ ਮੁਸਲਮਾਨਾਂ ਦਾ ਇਕ ਸਤਿਕਾਰਤ ਧਾਰਮਿਕ ਆਗੂ ਸੀ। ਇਜ਼ਰਾਈਲ ਅਮਰੀਕਾ ਨੂੰ ਉਨ੍ਹਾਂ ਦੀ ਜਾਨ ਲੈਣ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ।

