ਝੋਨਾ ਉਤਾਰਨ ਦੌਰਾਨ ਧੱਕਾ-ਮੁੱਕੀ ’ਚ ਕਿਸਾਨ ਦੀ ਮੌਤ
ਪਿੰਡ ਫੁੱਲੂਖੇੜਾ ਦੇ ਖ਼ਰੀਦ ਕੇਂਦਰ ’ਚ ਝੋਨਾ ਉਤਾਰਨ ਕਾਰਨ ਹੋਈ ਧੱਕਾ-ਮੁੱਕੀ ਵਿੱਚ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਦੇਵ ਸਿੰਘ (66) ਵਾਸੀ ਫੁੱਲੂਖੇੜਾ ਵਜੋਂ ਹੋਈ ਹੈ। ਪੁਲੀਸ ਨੇ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮ੍ਰਿਤਕ ਦੇ ਪੁੱਤਰ ਕੁਲਵੀਰ ਸਿੰਘ ਨੇ ਲੰਬੀ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੋਸ਼ ਲਗਾਇਆ ਕਿ ਉਹ ਆਪਣੇ ਭਰਾ ਲਖਵੀਰ ਸਿੰਘ ਅਤੇ ਪਿਤਾ ਬਲਦੇਵ ਸਿੰਘ ਨਾਲ ਪਿੰਡ ਦੇ ਖ਼ਰੀਦ ਕੇਂਦਰ ’ਚ ਝੋਨਾ ਲੈ ਕੇ ਗਿਆ ਸੀ। ਉਨ੍ਹਾਂ ਖ਼ਰੀਦ ਕੇਂਦਰ ਦੇ ਫੜ੍ਹ ’ਤੇ ਆਪਣਾ ਝੋਨਾ ਲਾਹੁਣ ਲਈ ਜਗ੍ਹਾ ਸਾਫ਼ ਕੀਤੀ। ਉਸੇ ਜਗ੍ਹਾ ’ਤੇ ਕਿਸਾਨ ਸਵਰਨ ਸਿੰਘ ਅਤੇ ਉਸ ਦਾ ਭਤੀਜਾ ਸੁਖਵੀਰ ਸਿੰਘ ਵਾਸੀ ਫੁੱਲੂਖੇੜਾ ਆਪਣੇ ਟਰੈਕਟਰ-ਟਰਾਲੀ ਸਮੇਤ ਝੋਨਾ ਲਾਹੁਣ ਲੱਗੇ ਗਏ, ਜਦੋਂ ਉਨ੍ਹਾਂ ਨੇ ਸਵਰਨ ਸਿੰਘ ਨੂੰ ਝੋਨਾ ਲਾਹੁਣ ਤੋਂ ਰੋਕਿਆ ਤਾਂ ਉਹ ਚਾਚਾ-ਭਤੀਜਾ ਗੁੱਸੇ ਵਿੱਚ ਆ ਗਏ ਅਤੇ ਧੱਕਾ ਮੁੱਕੀ ਕਰਨ ਲੱਗੇ, ਜਦੋਂ ਉਸ ਦਾ ਪਿਤਾ ਬਲਦੇਵ ਸਿੰਘ ਉਸ ਨੂੰ ਛੁਡਾਉਣ ਲਈ ਅੱਗੇ ਵਧਿਆ ਤਾਂ ਸਵਰਨ ਸਿੰਘ ਨੇ ਉਨ੍ਹਾਂ ਨੂੰ ਜ਼ੋਰ ਨਾਲ ਧੱਕਾ ਮਾਰਿਆ।
ਇਸ ਕਾਰਨ ਉਹ ਜ਼ਮੀਨ ’ਤੇ ਡਿੱਗ ਕੇ ਬੇਹੋਸ਼ ਹੋ ਗਏ। ਹਸਪਤਾਲ ਲਿਜਾਣ ਸਮੇਂ ਬਲਦੇਵ ਸਿੰਘ ਦੀ ਮੌਤ ਹੋ ਗਈ। ਪੁਲੀਸ ਨੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਥਾਣਾ ਲੰਬੀ ਦੇ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕੁਲਵੀਰ ਸਿੰਘ ਦੀ ਸ਼ਿਕਾਇਤ ’ਤੇ ਸਵਰਨ ਸਿੰਘ ਅਤੇ ਸੁਖਵੀਰ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਦੀ ਭਾਲ ਲਈ ਛਾਪੇ ਜਾਰੀ ਹਨ। ਥਾਣਾ ਮੁਖੀ ਨੇ ਕਿਹਾ ਕਿ ਉਨ੍ਹਾਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
