ਜਸਵੰਤ ਜੱਸ
ਫ਼ਰੀਦਕੋਟ, 7 ਮਈ
ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਨੇ ਅੱਜ ਇੱਥੇ ਜ਼ਿਲ੍ਹਾ ਪੁਲੀਸ ਮੁਖੀ ਦਫ਼ਤਰ ਸਾਹਮਣੇ ਧਰਨਾ ਦੇ ਕੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸੂਬਾਈ ਮਹਿਲਾ ਆਗੂ ਅਨਮੋਲ ਗਗਨ ਮਾਨ ਖ਼ਿਲਾਫ਼ ਫੇਸਬੁੱਕ ’ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲੇ ਐੱਮਸੀ ਖ਼ਿਲਾਫ਼ ਪੁਲੀਸ ਕਾਰਵਾਈ ਨਹੀਂ ਕਰ ਰਹੀ। ਆਪ ਆਗੂ ਬੇਅੰਤ ਕੌਰ, ਅਜੀਤ ਕੌਰ ਅਤੇ ਨੀਤੂ ਕਪੂਰ ਨੇ ਕਿਹਾ ਕਿ ਫ਼ਰੀਦਕੋਟ ਦੇ ਕਾਂਗਰਸੀ ਐੱਮਸੀ ਨੇ ਕੁਝ ਦਿਨ ਪਹਿਲਾਂ ਗਗਨ ਅਨਮੋਲ ਖ਼ਿਲਾਫ਼ ਫੇਸਬੁੱਕ ’ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ ਅਤੇ ਇਸ ਖ਼ਿਲਾਫ਼ ਫ਼ਰੀਦਕੋਟ ਇਕਾਈ ਨੇ ਜ਼ਿਲ੍ਹਾ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਹਾਕਮ ਧਿਰ ਦੇ ਐੱਮਸੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਜ਼ਿਲ੍ਹਾ ਪੁਲੀਸ ਮੁਖੀ ਸਵਰਨਦੀਪ ਸਿੰਘ ਨੇ ਕਿਹਾ ਕਿ ਕ੍ਰਾਈਮ ਬਰਾਂਚ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਜਲਦ ਹੀ ਪੜਤਾਲ ਮੁਕੰਮਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਦੇ ਇਸ ਭਰੋਸੇ ਉਪਰੰਤ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪੁਲੀਸ ਨੂੰ ਪੜਤਾਲ ਕਰਨ ਲਈ ਦਸ ਦਿਨ ਦਾ ਸਮਾਂ ਦੇ ਦਿੱਤਾ ਹੈ ਅਤੇ ਐਲਾਨ ਕੀਤਾ ਹੈ ਕਿ ਜੇ ਫਿਰ ਵੀ ਕਾਰਵਾਈ ਨਾ ਹੋਈ ਤਾਂ ਉਹ ਪੁਲੀਸ ਮੁਖੀ ਦੇ ਘਰ ਅੱਗੇ ਧਰਨਾ ਲਾਉਣ ਲਈ ਮਜਬੂਰ ਹੋਣਗੇ।