Faridkot Cheating Row: ਨਕਲ ਕਾਂਡ ਦੇ ਡਰੋਂ ਫ਼ਰੀਦਕੋਟ ਵਿੱਚ ਨਹੀਂ ਬਣਾਇਆ ਗਿਆ B.ED. ਪ੍ਰੀਖਿਆ ਦਾ ਕੋਈ ਕੇਂਦਰ
ਦੋ ਹਫ਼ਤੇ ਪਹਿਲਾਂ ਫਾਰਮੇਸੀ ਅਫ਼ਸਰਾਂ ਦੇ ਇਮਤਿਹਾਨ ਦੌਰਾਨ ਨਕਲ ਗਰੋਹ ਦਾ ਪਰਦਾਫ਼ਾਸ਼ ਹੋਣ ਕਾਰਨ ਲਿਆ ਗਿਆ ਫ਼ੈਸਲਾ।
ਪੰਜਾਬ ਭਰ ਵਿੱਚ ਬੀ.ਐੱਡ. ਦੀ ਪ੍ਰਵੇਸ਼ ਪ੍ਰੀਖਿਆ ਲਈ ਇਮਤਿਹਾਨ ਹੋਇਆ ਹੈ, ਪਰ ਪੰਜਾਬ ਸਰਕਾਰ ਨੇ ਫ਼ਰੀਦਕੋਟ ਜ਼ਿਲ੍ਹੇ ਵਿੱਚ ਇੱਕ ਵੀ ਪ੍ਰੀਖਿਆ ਕੇਂਦਰ ਨਹੀਂ ਬਣਾਇਆ, ਜਦੋਂ ਕਿ ਇੱਥੇ ਛੇ ਬੀ.ਐੱਡ. ਕਾਲਜ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਦੋ ਹਫ਼ਤੇ ਪਹਿਲਾਂ ਫ਼ਰੀਦਕੋਟ ਵਿੱਚ ਫਾਰਮੇਸੀ ਅਫ਼ਸਰਾਂ ਦੇ ਇਮਤਿਹਾਨ ਦੌਰਾਨ ਨਕਲ ਗਰੋਹ ਦਾ ਪਰਦਾਫ਼ਾਸ਼ ਹੋਣ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਇਸ ਇਮਤਿਹਾਨ ਨੂੰ ਲੈ ਕੇ ਵਿਦਿਆਰਥੀ, ਕਿਸਾਨ ਅਤੇ ਵਿਰੋਧੀ ਧਿਰਾਂ ਪੰਜਾਬ ਸਰਕਾਰ ਉੱਪਰ ਗੰਭੀਰ ਇਲਜ਼ਾਮ ਲਗਾ ਰਹੀਆਂ ਹਨ ਕਿ ਉਹ ਜਾਣਬੁੱਝ ਕੇ ਪੇਪਰ ਲੀਕ ਨੂੰ ਨਕਲ ਕਾਂਡ ਦੱਸ ਰਹੀਆਂ ਹਨ। ਪੰਜਾਬ ਭਰ ਵਿੱਚ ਬੀ.ਐੱਡ. ਦੀਆਂ 20 ਹਾਜ਼ਰ ਤੋਂ ਵੱਧ ਸੀਟਾਂ ਹਨ ਅਤੇ ਇਸ ਲਈ 35,000 ਵਿਦਿਆਰਥੀ ਪ੍ਰਵੇਸ਼ ਪ੍ਰੀਖਿਆ ਦੇ ਰਹੇ ਹਨ।
ਫ਼ਰੀਦਕੋਟ ਦੇ 400 ਤੋਂ ਵੱਧ ਵਿਦਿਆਰਥੀਆਂ ਨੂੰ ਇਮਤਿਹਾਨ ਦੇਣ ਲਈ ਦੂਸਰੇ ਜ਼ਿਲ੍ਹਿਆਂ ਵਿੱਚ ਜਾਣਾ ਪਿਆ, ਜਦੋਂ ਕਿ ਬਾਕੀ ਪੰਜਾਬ ਵਿੱਚ ਹਰੇਕ ਜ਼ਿਲ੍ਹੇ ਦੇ ਵਿਦਿਆਰਥੀ ਨੂੰ ਆਪਣੇ ਹੀ ਜ਼ਿਲ੍ਹੇ ਵਿੱਚ ਇਮਤਿਹਾਨ ਦੇਣ ਲਈ ਕਿਹਾ ਗਿਆ ਸੀ।

