ਬਾਬਾ ਫ਼ਰੀਦ ਦਾ ਤਪ ਅਸਥਾਨ ਦਰਸ਼ਨਾਂ ਲਈ ਖੋਲ੍ਹਿਆ
ਲੋਕਾਂ ਦੀ 50 ਸਾਲ ਪੁਰਾਣੀ ਮੰਗ ਹੋਈ ਪੂਰੀ; 20 ਨੂੰ ਨਗਰ ਕੀਰਤਨ ਹੋਵੇਗਾ ਰਵਾਨਾ
ਫ਼ਰੀਦਕੋਟ ਰਿਆਸਤ ਦੇ ਇਤਿਹਸਾਕ ਕਿਲਾ ਮੁਬਾਰਕ ਦੇ ਦਰਵਾਜ਼ੇ 50 ਸਾਲਾਂ ਬਾਅਦ ਆਮ ਲੋਕਾਂ ਲਈ ਖੋਲ੍ਹ ਦਿੱਤੇ ਗਏ ਹਨ। ਹੁਣ ਲੋਕ ਕਿਲਾ ਮੁਬਾਰਕ ਅੰਦਰ 12ਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਦੇ ਤਪ ਅਸਥਾਨ ਦੇ ਦਰਸ਼ਨ ਕਰ ਸਕਣਗੇ। 12ਵੀਂ ਸਦੀ ਵਿੱਚ ਬਾਬਾ ਫ਼ਰੀਦ ਜਦੋਂ ਮੁਲਤਾਨ ਤੋਂ ਦਿੱਲੀ ਜਾ ਰਹੇ ਸਨ ਤਾਂ ਉਹ ਫ਼ਰੀਦਕੋਟ ਰੁਕੇ। ਉਸ ਸਮੇਂ ਇੱਥੇ ਕਿਲ੍ਹੇ ਦੀ ਉਸਾਰੀ ਹੋ ਰਹੀ ਸੀ ਅਤੇ ਬਾਬੇ ਨੂੰ ਰਾਜੇ ਦੇ ਸਿਪਾਹੀਆਂ ਨੇ ਕਿਲ੍ਹੇ ਦੀ ਉਸਾਰੀ ਵਿੱਚ ਕੰਮ ਕਰਨ ਲਈ ਲਾ ਲਿਆ ਸੀ। ਪੰਜਾਬ ਸਰਕਾਰ ਤੋਂ ਲਗਾਤਾਰ ਮੰਗ ਹੋ ਰਹੀ ਸੀ ਕਿ ਇਸ ਕਿਲ੍ਹੇ ਨੂੰ ਆਮ ਲੋਕਾਂ ਲਈ ਖੋਲ੍ਹਿਆ ਜਾਵੇ ਤਾਂ ਜੋ ਲੋਕ ਬਾਬਾ ਫ਼ਰੀਦ ਦੇ ਇਤਿਹਾਸਕ ਸਥਾਨ ਦੇ ਦਰਸ਼ਨ ਕਰ ਸਕਣ। 50 ਸਾਲਾਂ ਬਾਅਦ ਅੱਜ ਕਿਲੇ ਦੇ ਮੁੱਖ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ। ਭਲਕੇ ਇੱਥੇ ਪਾਠ ਆਰੰਭ ਹੋ ਰਹੇ ਹਨ, ਜੋ 20 ਨਵੰਬਰ ਤੱਕ ਚੱਲਣਗੇ। 20 ਨਵੰਬਰ ਨੂੰ ਇੱਥੋਂ ਨਗਰ ਕੀਰਤਨ ਆਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ। ਮਹਾਂਰਾਵਲ ਖੇਵਾ ਜੀ ਟਰੱਸਟ ਦੇ ਕਾਰਜਕਾਰੀ ਅਧਿਕਾਰੀ ਜਾਗੀਰ ਸਿੰਘ ਸਰਾ ਫ਼ਰੀਦਕੋਟ, ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ ਨੇ ਦੱਸਿਆ ਕਿ ਇਸ ਇਤਿਹਾਸਕ ਕਿਲੇ ਨੂੰ ਆਮ ਜਨਤਾ ਲਈ ਖੋਲ੍ਹਣ ਤੋਂ ਪਹਿਲਾਂ ਇਸ ਕਿਲੇ ਨੂੰ ਸਦੀ ਪੁਰਾਣੀ ਦਿੱਖ ਦਿੱਤੀ ਗਈ ਹੈ। ਸ਼ਹਿਰ ਦੇ ਵਸਨੀਕ ਸੁਰਜੀਤ ਸਿੰਘ ਸ਼ਤਾਬ, ਜੋਗਿੰਦਰ ਸਿੰਘ ਬਰਾੜ, ਰਜਿੰਦਰ ਸਿੰਘ ਜਲਾਲੇਆਣਾ, ਰਵਿੰਦਰ ਸਿੰਘ ਬੁਗਰਾ ਅਤੇ ਹਰਦੇਵ ਸਿੰਘ ਹਾਕੀ ਕੋਚ ਨੇ ਕਿਹਾ ਕਿ ਪੰਜ ਦਹਾਕਿਆਂ ਬਾਅਦ ਫ਼ਰੀਦਕੋਟ ਦੇ ਲੋਕਾਂ ਦੀ ਮੰਗ ਪੂਰੀ ਹੋਈ ਹੈ ਅਤੇ ਸਰਕਾਰ ਦਾ ਇਹ ਫੈ਼ਸਲਾ ਪ੍ਰਸੰਸਾਯੋਗ ਹੈ। ਟਰੱਸਟ ਦੇ ਸੀ ਈ ਓ ਜਾਗੀਰ ਸਿੰਘ ਸਰਾ ਨੇ ਕਿਹਾ ਕਿ ਸ਼ਾਹੀ ਪਰਿਵਾਰ ਨੇ ਇੱਥੇ ਧਾਰਮਿਕ ਸਮਾਗਮ ਕਰਵਾਉਣ ਲਈ ਪੂਰੀ ਤਰ੍ਹਾਂ ਸਹਿਯੋਗ ਦਿੱਤਾ। ਸ਼ਾਹੀ ਪਰਿਵਾਰ ਦੇ ਸਹਿਯੋਗ ਨਾਲ ਹੀ ਮਾਲਵੇ ਦੇ ਲੋਕਾਂ ਦੀ 5 ਦਹਾਕੇ ਪੁਰਾਣੀ ਮੰਗ ਪੂਰੀ ਹੋਈ ਹੈ।

