ਧਾਰਮਿਕ ਯਾਤਰਾ ’ਤੇ ਗਿਆ ਸੀ ਪਰਿਵਾਰ; ਪਿੱਛੋਂ ਨੌਕਰਾਣੀ ਨੇ ਉਡਾਏ 18 ਲੱਖ ਦੇ ਗਹਿਣੇ
ਗਹਿਣੇ ਚੋਰੀ ਕਰਨ ਦੇ ਦੋਸ਼ ਵਿੱਚ ਇੱਕ ਘਰੇਲੂ ਨੌਕਰਾਣੀ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ।
ਸਥਾਨਕ ਪੁਲੀਸ ਨੇ ਕੋਟਕਪੂਰਾ ਦੇ ਪੁਰਾਣਾ ਸ਼ਹਿਰ ਇਲਾਕੇ ਵਿੱਚ ਇੱਕ ਘਰੋਂ ਪਰਿਵਾਰ ਦੀ ਗੈਰ-ਹਾਜ਼ਰੀ ਦੌਰਾਨ 18 ਲੱਖ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ਵਿੱਚ ਇੱਕ ਘਰੇਲੂ ਨੌਕਰਾਣੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪਰਿਵਾਰ ਇਸ ਦੌਰਾਨ ਧਾਰਮਿਕ ਯਤਰਾ 'ਤੇ ਗਿਆ ਹੋਇਆ ਸੀ।
ਘਰੋਂ ਗਹਿਣੇ ਚੋਰੀ ਹੋਣ ਦੀ ਸ਼ਿਕਾਇਤ
ਪੁਰਾਣਾ ਸ਼ਹਿਰ, ਕੋਟਕਪੂਰਾ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਓਮ ਪ੍ਰਕਾਸ਼ ਨੇ ਪੁਲੀਸ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦਾ ਪਰਿਵਾਰ ਧਾਰਮਿਕ ਯਾਤਰਾ 'ਤੇ ਗਿਆ ਸੀ। ਵਾਪਸ ਪਰਤਣ 'ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਘਰੋਂ ਲਗਪਗ 18 ਲੱਖ ਰੁਪਏ ਦੀ ਕੀਮਤ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਗਾਇਬ ਸਨ। ਘਰ ਦੇ ਕਿਸੇ ਜਣੇ ਦਾ ਹੱਥ ਹੋਣ ਦੇ ਸ਼ੱਕ ਤਹਿਤ ਓਮ ਪ੍ਰਕਾਸ਼ ਨੇ ਸਰਕਾਰੀ ਤੌਰ 'ਤੇ ਸ਼ਿਕਾਇਤ ਦਰਜ ਕਰਵਾਈ।
ਪੁਲੀਸ ਜਾਂਚ ਅਤੇ ਨੌਕਰਾਣੀ ਦੀ ਗ੍ਰਿਫ਼ਤਾਰੀ
ਜਾਂਚ ਦੌਰਾਨ ਪੁਲੀਸ ਦਾ ਸ਼ੱਕ ਘਰੇਲੂ ਨੌਕਰਾਣੀ ਬਿੰਦੂ ਵੱਲ ਗਿਆ, ਜਿਸ ਨੂੰ ਛੇ ਮਹੀਨੇ ਪਹਿਲਾਂ ਹੀ ਘਰ ਵਿੱਚ ਰੱਖਿਆ ਗਿਆ ਸੀ। ਪੁਲੀਸ ਨੇ ਬਿੰਦੂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ, ਜਿਸ ਦੌਰਾਨ ਉਸ ਨੇ ਪਰਿਵਾਰ ਦੀ ਗੈਰ-ਹਾਜ਼ਰੀ ਵਿੱਚ ਚੋਰੀ ਕਰਨ ਦੀ ਗੱਲ ਕਬੂਲ ਕਰ ਲਈ। ਪੁਲੀਸ ਨੇ ਉਸ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ ਸੋਨੇ ਅਤੇ ਚਾਂਦੀ ਦੇ ਗਹਿਣੇ ਬਰਾਮਦ ਕਰ ਲਏ ਹਨ।
ਮਾਮਲਾ ਦਰਜ ਅਤੇ ਅੱਗੇ ਦੀ ਪੜਤਾਲ
ਸਥਾਨਕ ਪੁਲੀਸ ਸਟੇਸ਼ਨ ਵਿਖੇ ਭਾਰਤੀ ਨਿਆ ਸੰਹਿਤਾ (ਬੀ.ਐੱਨ.ਐੱਸ.) ਦੀਆਂ ਸਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਸ ਗੱਲ ਦਾ ਪਤਾ ਲਗਾਉਣ ਲਈ ਅੱਗੇ ਦੀ ਪੜਤਾਲ ਜਾਰੀ ਹੈ ਕਿ ਕੀ ਮੁਜ਼ਲਮ ਕਿਸੇ ਹੋਰ ਅਪਰਾਧਿਕ ਘਟਨਾ ਵਿੱਚ ਵੀ ਸ਼ਾਮਲ ਸੀ।

