ਝੋਟਾ ਕਤਲ: ਦੁਕਾਨ ਦੇ ਮਲਬੇ ਦੀ ਜਾਂਚ ਲਈ ਮਾਨਸਾ ਪੁੱਜੀ ਸੀ ਬੀ ਆਈ
ਜੇ ਸੀ ਬੀ ਨਾਲ ਮਲਬਾ ਹਟਾ ਕੇ ਜਾਂਚ ਲਈ ਨਮੂਨੇ ਇਕੱਤਰ ਕੀਤੇ
ਪਰਵਿੰਦਰ ਝੋਟਾ ਕਤਲ ਕਾਂਡ ਦੇ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦੀ ਢਾਹੀ ਦੁਕਾਨ ਦੇ ਮਲਬੇ ਦੀ ਸੀ ਬੀ ਆਈ ਦੀ ਟੀਮ ਵੱਲੋਂ ਅੱਜ ਮਾਨਸਾ ਪੁੱਜ ਕੇ ਮੁੜ ਜਾਂਚ ਆਰੰਭ ਕਰ ਦਿੱਤੀ ਗਈ। ਢਹਿ-ਢੇਰੀ ਕੀਤੀ ਗਈ ਦੁਕਾਨ ਦੇ ਮਲਬੇ ਵਿੱਚੋਂ ਕੁਝ ਨਮੂਨੇ ਵੀ ਹਾਸਲ ਕੀਤੇ ਗਏ ਹਨ। ਮਲਬੇ ਨੂੰ ਜੇ ਸੀ ਬੀ ਨਾਲ ਹਟਾਇਆ ਜਾ ਰਿਹਾ ਹੈ।
ਵੇਰਵਿਆਂ ਅਨੁਸਾਰ ਪੰਜਾਬ ਪੁਲੀਸ ਅਤੇ ਸੀ ਬੀ ਆਈ ਨੂੰ ਅਸ਼ਵਨੀ ਕੁਮਾਰ ਵੱਲੋਂ ਚਲਾਈ ਪਹਿਲੀ ਗੋਲੀ ਸਬੰਧੀ ਕੋਈ ਸਬੂਤ ਨਹੀਂ ਮਿਲਿਆ। ਇਸ ਕਾਰਨ ਹੁਣ ਜੇ ਸੀ ਬੀ ਮਸ਼ੀਨ ਦੀ ਮਦਦ ਨਾਲ ਦੁਕਾਨ ਦਾ ਪੂਰਾ ਮਲਬਾ ਚੁੱਕਿਆ ਜਾ ਰਿਹਾ ਹੈ ਤਾਂ ਜੋ ਉਸ ਵਿੱਚੋਂ ਅਹਿਮ ਸਬੂਤ ਇਕੱਠੇ ਕੀਤੇ ਜਾ ਸਕਣ। ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ ਨੇ ਕਿਹਾ ਕਿ ਉਹ ਮਾਨਸਾ ਪੁਲੀਸ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ। ਇਸ ਲਈ ਕੇਂਦਰ ਤੋਂ ਕਾਰਵਾਈ ਅਤੇ ਜਾਂਚ ਦੀ ਮੰਗ ਕਰਨਗੇ। ਭੀਮ ਸਿੰਘ ਫੌਜੀ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦੀ ਢਾਹੀ ਦੁਕਾਨ ਵਿਚੋਂ ਸੀ ਬੀ ਆਈ ਵੱਲੋਂ ਨਮੂਨੇ ਲੈਂਣ ਮੌਕੇ ਉਥੇ ਮੌਜੂਦ ਰਹੇ।
ਜਰਮਨਜੀਤ ਸਿੰਘ ਖਿਲਾਫ਼ ਕੇਸ ਦਰਜ
ਬੀਤੇ ਦਿਨੀਂ ਪੁਲੀਸ ਨੂੰ ਧਮਕੀਆਂ ਦੇਣ ਅਤੇ ਹੋਰ ਟਿੱਪਣੀਆਂ ਕਰਨ ਵਾਲੇ ਜਰਮਨਜੀਤ ਸਿੰਘ ਖਾਲਸਾ ਵਾਸੀ ਤਲਵੰਡੀ ਆਲੋਵਾਲ (ਤਰਨ ਤਾਰਨ) ਖਿਲਾਫ਼ ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਮਾਨਸਾ ਦੇ ਤਿੰਨਕੋਣੀ ਚੌਕ ਵਿਖੇ ਧਰਨੇ ਦੇ ਮੰਚ ਤੋਂ ਜਰਮਨਜੀਤ ਸਿੰਘ ਨੇ ਟਿੱਪਣੀ ਕਰਦਿਆਂ ਐੱਸ ਐੱਸ ਪੀ ਨੂੰ ਧਮਕੀ ਦਿੱਤੀ ਸੀ। ਇਸ ਟਿੱਪਣੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਈ ਸੀ।
ਦੁਕਾਨ ਢਾਹੁਣ ’ਤੇ 1200 ਵਿਰੁੱਧ ਕੇਸ ਦਰਜ
ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਦੌਰਾਨ 14 ਤੇ 15 ਅਕਤੂਬਰ ਨੂੰ ਮਾਨਸਾ ਸ਼ਹਿਰ ’ਚ ਘਟਨਾਵਾਂ, ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਦੀ ਦੁਕਾਨ ਢਾਹੁਣ ਨੂੰ ਲੈ ਕੇ ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ 1200 ਦੇ ਕਰੀਬ ਅਣਪਛਾਤਿਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਵਿਚ ਜੇ ਸੀ ਬੀ ਮਸ਼ੀਨ ਨਾਲ ਮੈਡੀਕਲ ਹਾਲ ਦੀ ਇਮਾਰਤ ਢਾਹੁਣ ਦੇ ਦੋਸ਼ ਹਨ। ਇਸ ਤੋਂ ਇਲਾਵਾ ਅਦਾਲਤ ਨੇ ਵੀ ਇਸ ਦਾ ਜਵਾਬ ਮੰਗਿਆ ਹੈ ਕਿ ਅਸ਼ਵਨੀ ਕੁਮਾਰ ਦੀ ਦੁਕਾਨ ਕਿਹੜੇ ਕਾਨੂੰਨ ਤਹਿਤ ਢਾਹੀ ਗਈ ਹੈ ਜਿਸ ’ਤੇ ਅਗਲੀ ਸੁਣਵਾਈ 15 ਦਸੰਬਰ ਨੂੰ ਹੋਣੀ ਹੈ।

