ਫੈਕਟਰੀ ਧਮਾਕਾ: ਮਾਲਕ ਪਿਉ-ਪੁੱਤ ਤੇ ਠੇਕੇਦਾਰ ਨੂੰ ਜੇਲ੍ਹ ਭੇਜਿਆ
ਲੰਬੀ (ਇਕਬਾਲ ਸਿੰਘ ਸ਼ਾਂਤ): ਪਟਾਕਾ ਫੈਕਟਰੀ ’ਚ ਧਮਾਕਾ ਮਾਮਲੇ ਦੇ ਮੁਲਜ਼ਮ ਫੈਕਟਰੀ ਮਾਲਕ ਪਿਉ-ਪੁੱਤ ਅਤੇ ਠੇਕੇਦਾਰ ਨੂੰ ਚਾਰ ਰੋਜ਼ਾ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਅਦਾਲਤ ਵੱਲੋਂ ਜੇਲ੍ਹ ਭੇਜ ਦਿੱਤਾ ਗਿਆ, ਜਦੋਂ ਕਿ ਨਾਜਾਇਜ਼ ਪਟਾਕਾ ਫੈਕਟਰੀ ਨੂੰ ਕੱਚਾ ਮਾਲ ਸਪਲਾਈ ਕਰਨ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਪ੍ਰਸ਼ਾਂਤ ਗੋਇਲ ਵਾਸੀ ਅਸੰਧ ਦਾ ਚਾਰ ਰੋਜ਼ਾ ਪੁਲੀਸ ਰਿਮਾਂਡ ਮਿਲਿਆ ਹੈ। ਪੁਲੀਸ ਰਿਮਾਂਡ ਦੇ ਆਖ਼ਰੀ ਦਿਨ ਅੱਜ ਥਾਣਾ ਮੁਖੀ ਕਰਮਜੀਤ ਕੌਰ ਦੀ ਅਗਵਾਈ ਹੇਠ ਪੁਲੀਸ ਵੱਲੋਂ ਫੈਕਟਰੀ ਮਾਲਕ ਦੇ ਪੁੱਤਰ ਨਵਰਾਜ ਸਿੰਘ ਅਤੇ ਸਹਿ-ਮੁਲਜ਼ਮ ਠੇਕੇਦਾਰ ਰਾਜ ਕੁਮਾਰ ਨੂੰ ਧਮਾਕੇ ਕਾਰਨ ਢਹਿ-ਢੇਰੀ ਹੋਈ ਪਟਾਕਾ ਫੈਕਟਰੀ ’ਚ ਲਿਜਾਇਆ ਗਿਆ। ਉੱਥੇ ਮੁਲਜ਼ਮਾਂ ਤੋਂ ਘਟਨਾ ਸਬੰਧੀ ਪੁੱਛ-ਪੜਤਾਲ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਪੁਲੀਸ ਰਿਮਾਂਡ ਦੌਰਾਨ ਪਟਾਕੇ ਬਣਾਉਣ ਦਾ ਕੱਚਾ ਮਾਲ ਅਸੰਧ (ਕਰਨਾਲ) ਦੇ ਪ੍ਰਸ਼ਾਂਤ ਗੋਇਲ ਤੋਂ ਖਰੀਦੇ ਜਾਣ ਦੀ ਗੱਲ ਕਬੂਲੀ ਹੈ ਜਿਸ ਵਿੱਚ ਕੈਮੀਕਲ 999 ਦੇ 6 ਗੱਟੇ ਅਤੇ 20 ਗੱਟੇ ਸਲਫਰ ਸ਼ਾਮਲ ਸੀ। ਥਾਣਾ ਕਿੱਲਿਆਂਵਾਲੀ ਦੀ ਮੁਖੀ ਕਰਮਜੀਤ ਕੌਰ ਨੇ ਕਿਹਾ ਕਿ ਪ੍ਰਸ਼ਾਂਤ ਗੋਇਲ ਨੂੰ ਕੱਲ੍ਹ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਉਸ ਦਾ ਇੱਕ ਰੋਜ਼ਾ ਪੁਲੀਸ ਰਿਮਾਂਡ ਮਿਲਿਆ। ਥਾਣਾ ਮੁਖੀ ਨੇ ਕਿਹਾ ਕਿ ਪ੍ਰਸ਼ਾਂਤ ਗੋਇਲ ਅਸੰਧ ’ਚ ਇੱਕ ਦੁਕਾਨ ਚਲਾਉਂਦਾ ਹੈ। ਪੁੱਛ-ਪੜਤਾਲ ’ਚ ਖੁਲਾਸੇ ਮੁਤਾਬਕ ਉਹ ਪਟਾਕਿਆਂ ਦਾ ਕੱਚਾ ਸਾਮਾਨ ਤਿੰਨ ਵਾਰ ਦਿੱਲੀ ਤੋਂ ਖ਼ਰੀਦ ਕੇ ਲਿਆਇਆ ਸੀ ਅਤੇ ਇਸ ਫੈਕਟਰੀ ਵਾਲਿਆਂ ਨੂੰ ਸਪਲਾਈ ਕੀਤਾ ਸੀ। ਥਾਣਾ ਮੁਖੀ ਅਨੁਸਾਰ ਫੈਕਟਰੀ ਮਾਲਕਾਂ ਅਤੇ ਪ੍ਰਸ਼ਾਤ ਗੋਇਲ ਵਿਚਕਾਰ ਕੱਚੇ ਮਾਲ ਦੀ ਖਰੀਦ ਲਈ ਲੈਣ-ਦੇਣ ਨਕਦੀ ਵਿੱਚ ਹੋਇਆ ਸੀ।