ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਾਬ ਭਰ ’ਚ ਬੋਰਡ ਦੀਆਂ ਪਾਠ ਪੁਸਤਕਾਂ ਘਰ-ਘਰ ਪਹੁੰਚਾਉਣ ਲਈ ਆਪਣੀ ‘ਪੁਸਤਕ ਪੋਰਟਲ’ ਸਹੂਲਤ ਦਾ ਵਿਸਤਾਰ ਕੀਤਾ ਹੈ। ਬੋਰਡ ਵੱਲੋਂ ਇਸ ਸਬੰਧੀ ਇੰਡੀਆ ਪੋਸਟ ਨਾਲ ਸਮਝੌਤਾ ਕੀਤਾ ਗਿਆ ਹੈ।
ਪੁਸਤਕ ਪੋਰਟਲ ਨੂੰ ਬੋਰਡ ਦੁਆਰਾ ਰਚਿਤ ਅਤੇ ਛਪੀਆਂ ਕਿਤਾਬਾਂ ਦੇ ਔਨਲਾਈਨ ਆਰਡਰ ਲਈ ਇਤਿਹਾਸਕ ਈ-ਕਾਮਰਸ ਪਹਿਲਕਦਮੀ ਵਜੋਂ ਸ਼ੁਰੂ ਕੀਤਾ ਗਿਆ ਸੀ। ਘਰ-ਘਰ ਡਿਲਿਵਰੀ ਦੀ ਸ਼ੁਰੂਆਤ ਦੇ ਨਾਲ ਵਿਦਿਆਰਥੀ ਅਤੇ ਮਾਪੇ ਹੁਣ ਆਸਾਨੀ ਨਾਲ ਪਾਠ-ਪੁਸਤਕਾਂ ਔਨਲਾਈਨ ਆਰਡਰ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਪ੍ਰਾਪਤ ਕਰ ਸਕਦੇ ਹਨ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇਸ਼ ਦਾ ਪਹਿਲਾ ਸਿੱਖਿਆ ਬੋਰਡ ਹੈ ਜਿਸ ਨੇ ਪਾਠ ਪੁਸਤਕਾਂ ਦੀ ਵਿਕਰੀ ਅਤੇ ਡਿਲਿਵਰੀ ਲਈ ਇੱਕ ਈ-ਕਾਮਰਸ ਪੋਰਟਲ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਘਰ-ਘਰ ਡਿਲਿਵਰੀ ਦੀ ਸਹੂਲਤ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਇੰਡੀਆ ਪੋਸਟ ਨੇ ਐੱਮ ਓ ਯੂ ’ਤੇ ਹਸਤਾਖ਼ਰ ਕੀਤੇ ਹਨ। ਇਸ ਸਮਝੌਤੇ ’ਤੇ ਬੋਰਡ ਦੇ ਸਕੱਤਰ ਸਤਕਾਰ ਸਿੰਘ ਬੱਲ ਅਤੇ ਇੰਡੀਆ ਪੋਸਟ ਦੀ ਨੁਮਾਇੰਦਗੀ ਕਰਨ ਵਾਲੇ ਕੁਮਾਰ ਸੰਜੀਵ, ਆਈ ਪੀ ਓ ਐੱਸ ਨੇ ਚੇਅਰਮੈਨ ਡਾ. ਅਮਰਪਾਲ ਸਿੰਘ ਦੀ ਮੌਜੂਦਗੀ ਵਿੱਚ ਹਸਤਾਖ਼ਰ ਕੀਤੇ ਹਨ। ਸਿੱਖਿਆ ਬੋਰਡ ਨੇ ਲਗਪਗ 2.25 ਕਰੋੜ ਕਿਤਾਬਾਂ ਛਾਪੀਆਂ ਹਨ ਜਿਨ੍ਹਾਂ ਵਿੱਚ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਮਾਧਿਅਮ ਵਿੱਚ 361 ਪਾਠ ਪੁਸਤਕਾਂ ਸ਼ਾਮਲ ਹਨ। ਵਿਆਪਕ ਪਹੁੰਚ ਯੋਗਤਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਭਰ ਵਿੱਚ 97 ਡਿਲਿਵਰੀ/ਪਿਕਅੱਪ ਸੈਂਟਰ ਸਥਾਪਤ ਕੀਤੇ ਗਏ ਹਨ। ਵਿਦਿਆਰਥੀ ਕਿਤਾਬਾਂ ਲਈ ਬਿਨਾਂ ਕਿਸੇ ਵਾਧੂ ਖਰਚੇ ਦੇ ਨਿਰਧਾਰਤ 15 ਫ਼ੀਸਦ ਛੋਟ ਵਾਲੀਆਂ ਦਰਾਂ ’ਤੇ ਪਾਠ ਪੁਸਤਕਾਂ ਖ਼ਰੀਦ ਸਕਣਗੇ। ਇੰਡੀਆ ਪੋਸਟ ’ਤੇ ਨਾਮਾਤਰ ਦਰਾਂ ਨਾਲ ਵਿਦਿਆਰਥੀ ਆਪਣੇ ਘਰ ਬੈਠੇ ਪਾਠ ਪੁਸਤਕਾਂ ਮੰਗਾ ਸਕਦੇ ਹਨ।

