ਹਰਪ੍ਰੀਤ ਕੌਰ
ਆਬਕਾਰੀ ਵਿਭਾਗ ਵਲੋਂ ਸਹਾਇਕ ਕਮਿਸ਼ਨਰ (ਆਬਕਾਰੀ) ਹਨੂਵੰਤ ਸਿੰਘ ਅਤੇ ਆਬਕਾਰੀ ਅਧਿਕਾਰੀ ਹੁਸ਼ਿਆਰਪੁਰ-2 ਪ੍ਰੀਤ ਭੁਪਿੰਦਰ ਸਿੰਘ ਦੀ ਨਿਗਰਾਨੀ ਵਿਚ ਆਬਕਾਰੀ ਟੀਮ ਹੁਸ਼ਿਆਰਪੁਰ-2 ਨੇ ਹਿਮਾਚਲ ਪ੍ਰਦੇਸ਼ ਆਬਕਾਰੀ ਵਿਭਾਗ ਨਾਲ ਮਿਲ ਕੇ ਹਾਜੀਪੁਰ ਤੇ ਤਲਵਾੜਾ ਸਰਕਲ ਦੇ ਨਜ਼ਦੀਕ ਸਰਹੱਦੀ ਹਲਕੇ ਵਿਚ ਸਾਂਝੀ ਮੁਹਿੰਮ ਚਲਾ ਕੇ ਨਾਜਾਇਜ਼ ਸ਼ਰਾਬ ਅਤੇ ਤਸਕਰਾਂ ਖਿਲਾਫ਼ ਕਾਰਵਾਈ ਕੀਤੀ। ਮੁਹਿੰਮ ਦੀ ਅਗਵਾਈ ਆਬਕਾਰੀ ਇੰਸਪੈਕਟਰ ਪਰਵਿੰਦਰ ਕੁਮਾਰ ਤੇ ਰਸ਼ਪਾਲ, ਐੱਸ ਟੀ ਈ ਓ ਨੂਰਪੁਰ (ਹਿਮਾਚਲ ਪ੍ਰਦੇਸ਼) ਦੇਵ ਰਾਜ ਅਤੇ ਅਰੁਣ ਕਪੂਰ ਨੇ ਕੀਤੀ। ਇਹ ਕਾਰਵਾਈ ਬਸੰਤਪੁਰ ਭੁੰਬਲਾ, ਗਗਵਾਲ, ਬਰੋਡਾ, ਧਮੋਟਾ, ਮੰਡ ਬਾਜਵਾ ਅਤੇ ਬਰੋਟਾ ਦੇ ਪੰਜਾਬ-ਹਿਮਾਚਲ ਸੀਮਾ ਨਾਲ ਲੱਗਦੇ ਪਿੰਡਾਂ ਵਿਚ ਕੀਤੀ ਗਈ, ਜਿੱਥੋਂ ਵੱਡੀ ਮਾਤਰਾ ਵਿਚ ਗੈਰ ਕਾਨੂੰਨੀ ਸਮੱਗਰੀ ਬਰਾਮਦ ਹੋਈ। ਮੌਕੇ ਤੋਂ 20 ਤਰਪਾਲਾਂ (ਹਰੇਕ ਵਿਚ 1000 ਕਿਲੋ ਲਾਹਣ) ਅਤੇ 4 ਪਲਾਸਟਿਕ ਡਰੰਮ (ਹਰੇਕ ਵਿਚ 200 ਕਿਲੋ ਲਾਹਣ) ਸਮੇਤ ਕੁੱਲ 20,800 ਕਿਲੋ ਲਾਹਣ, 80 ਲਿਟਰ ਪਲਾਸਟਿਕ ਕੈਨਾਂ ਅਤੇ 370 ਲਿਟਰ ਪਲਾਸਟਿਕ ਬੈਗਾਂ ਵਿਚ ਕੁੱਲ 450 ਲਿਟਰ ਕੱਚੀ ਸ਼ਰਾਬ, 2 ਵੱਡੇ ਭਾਂਡੇ, 15 ਟੀਨ, 10 ਖਾਲੀ ਪਲਾਸਟਿਕ ਡਰੰਮ, 26 ਖਾਲੀ ਕੈਨ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਹਿਮਾਚਲ ਪ੍ਰਦੇਸ਼ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ।

