ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਦੇ 122ਵੇਂ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮਾਂ ਦੀ ਲੜੀ ਤਹਿਤ ਅੱਜ ਦੂਜੇ ਦਿਨ ਪਿੰਗਲਵਾੜਾ ਦੇ ਵਸਨੀਕਾਂ ਅਤੇ ਭਗਤ ਪੂਰਨ ਸਿੰਘ ਗਰੁੱਪ ਆਫ਼ ਸਕੂਲ ਦੇ ਵੱਖ-ਵੱਖ ਵਿਦਿਆਰਥੀਆਂ ਵੱਲੋਂ ਭਗਤ ਜੀ ਦੀ ਵਾਤਾਵਰਨ ਪ੍ਰਤੀ ਫ਼ਿਕਰਮੰਦੀ ਦਰਸਾਉਂਦਾ ਹੋਇਆ ਸੱਭਿਆਚਾਰਕ ਸਮਾਗਮ ਪੇਸ਼ ਕੀਤਾ ਗਿਆ।
ਇਸ ਮੌਕੇ ਬਾਲ ਸਾਹਿਤਕਾਰ ਕਮਲਜੀਤ ਸਿੰਘ ਨੀਲੋਂ ਮੁੱਖ ਮਹਿਮਾਨ ਵਜੋਂ ਅਤੇ ਸਾਹਿਤਕਾਰ ਸੰਤ ਸਿੰਘ ਸੋਹਲ ਪੁੱਜੇ ਸਨ। ਵਿਧਾਇਕ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ‘ਗੈਸਟ ਆਫ਼ ਆਨਰ’ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਮਾਨਾਂਵਾਲਾ ਦੇ ਬੱਚਿਆਂ ਵੱਲੋਂ ਗੁਰਬਾਣੀ ਸ਼ਬਦ ਨਾਲ ਕੀਤੀ ਗਈ। ਇਸ ਮਗਰੋਂ ਮਹਿਮਾਨਾਂ ਵੱਲੋਂ ਸ਼ਮ੍ਹਾਂ ਰੌਸ਼ਨ ਕਰ ਕੇ ਅੱਜ ਦੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਮਾਨਾਂਵਾਲਾ ਦੇ ਵਿਦਿਆਰਥੀਆਂ ਵੱਲੋਂ ਵਾਤਾਵਰਨ ਬਾਰੇ ਨਾਟਕ ‘ਕੁਦਰਤ ਬਨਾਮ ਮਨੁੱਖ’ ਖੇਡਿਆ ਗਿਆ। ਭਗਤ ਪੂਰਨ ਸਿੰਘ ਸਕੂਲ ਫ਼ਾਰ ਦਿ ਡੈੱਫ਼ ਦੇ ਵਿਦਿਆਰਥੀਆਂ ਵੱਲੋਂ ਵਾਤਾਵਰਨ ਵਿੱਚ ਪਾਣੀ ਅਤੇ ਰੁੱਖਾਂ ਦੀ ਮਹੱਤਤਾ ਦਰਸਾਉਂਦੀ ਕੋਰੀਓਗ੍ਰਾਫ਼ੀ ਪੇਸ਼ ਕੀਤੀ ਗਈ। ਪਿੰਗਲਵਾੜਾ ਦੀ ਕਮਲਾ ਅਤੇ ਇੰਦਰਾ ਵੱਲੋਂ ਭਗਤ ਪੂਰਨ ਸਿੰਘ ਬਾਰੇ ਕਵਿਤਾ ਸੁਣਾਈ ਗਈ। ਇਸ ਦੌਰਾਨ ਕਮਲਜੀਤ ਸਿੰਘ ਨੀਲੋਂ ਨੇ ਕਿਹਾ ਕਿ ਉਹ ਪਿੰਗਲਵਾੜਾ ਸੰਸਥਾ ਦੇ ਲੋਕ ਭਲਾਈ ਕਾਰਜਾਂ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਏ ਹਨ। ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਭਗਤ ਪੂਰਨ ਸਿੰਘ ਤੋਂ ਬਾਅਦ ਡਾ. ਇੰਦਰਜੀਤ ਕੌਰ ਜੋ ਮਨੁੱਖਤਾ ਦੀ ਸੇਵਾ ਕਰ ਰਹੇ ਹਨ, ਉਹ ਬੇਮਿਸਾਲ ਹੈ। ਪਿੰਗਲਵਾੜਾ ਸੰਸਥਾ ਦੀ ਮੁਖੀ ਡਾ. ਇੰਦਰਜੀਤ ਕੌਰ ਨੇ ਕਿਹਾ ਕਿ 1927 ਤੋਂ ਭਗਤ ਪੂਰਨ ਸਿੰਘ ਨੇ ਲੋਕਾਂ ਨੂੰ ਭਵਿੱਖ ਵਿੱਚ ਪਲੀਤ ਹੋਣ ਵਾਲੇ ਵਾਤਾਵਰਨ ਤੋਂ ਜਾਣੂ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ।
ਭਗਤ ਜੀ ਨੇ ਜੋ ਚਿੰਤਾਵਾਂ ਉਸ ਵੇਲੇ ਪ੍ਰਗਟਾਈਆਂ ਸਨ, ਉਹ ਅੱਜ ਸੱਚ ਸਾਬਤ ਹੋ ਰਹੀਆਂ ਹਨ, ਪਰ ਲੋਕ ਅਜੇ ਵੀ ਅਵੇਸਲੇ ਹਨ ਅਤੇ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਇਸ ਮੌਕੇ ਉਨ੍ਹਾਂ ਪੰਡਾਲ ਵਿੱਚ ਬੈਠੀ ਸੰਗਤ ਤੋਂ ਵਾਤਾਵਰਨ ਦੀ ਸੰਭਾਲ ਲਈ ਅਹਿਦ ਲਿਆ। ਇਸ ਮੌਕੇ ਡਾ. ਜਗਦੀਪਕ ਸਿੰਘ, ਮੁਖਤਾਰ ਸਿੰਘ ਗੋਰਾਇਆ, ਰਾਜਬੀਰ ਸਿੰਘ, ਹਰਜੀਤ ਸਿੰਘ ਅਰੋੜਾ, ਬੀਬੀ ਪ੍ਰੀਤਇੰਦਰ ਕੌਰ, ਡਾ. ਨਿਰਮਲ ਸਿੰਘ, ਯੋਗੇਸ਼ ਸੂਰੀ, ਰਜਿੰਦਰ ਸਿੰਘ ਆਦਿ ਹਾਜ਼ਰ ਸਨ।

