ਪੰਜਾਬ ਦੇ ਛੇ ਹਜ਼ਾਰ ਤੋਂ ਵੱਧ ਸਰਕਾਰੀ ਸਕੂਲਾਂ ’ਚ ਅੰਗਰੇਜ਼ੀ ਬੂਸਟਰ ਕਲੱਬ ਸਥਾਪਿਤ

ਪੰਜਾਬ ਦੇ ਛੇ ਹਜ਼ਾਰ ਤੋਂ ਵੱਧ ਸਰਕਾਰੀ ਸਕੂਲਾਂ ’ਚ ਅੰਗਰੇਜ਼ੀ ਬੂਸਟਰ ਕਲੱਬ ਸਥਾਪਿਤ

ਐਸ.ਏ.ਐਸ. ਨਗਰ (ਮੁਹਾਲੀ):

ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਬੋਲਣ ਤੇ ਲਿਖਣ ਵਿੱਚ ਪ੍ਰਪੱਕ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ 6072 ਸਕੂਲਾਂ ਵਿੱਚ ਅੰਗਰੇਜ਼ੀ ਬੂਸਟਰ ਕਲੱਬ ਸਥਾਪਿਤ ਕੀਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਕੁੱਲ 6266 ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਬੂਸਟਰ ਕਲੱਬ ਬਣਾਏ ਜਾਣੇ ਹਨ। ਇਨ੍ਹਾਂ ’ਚੋਂ ਹੁਣ ਤੱਕ 6072 ਸਕੂਲਾਂ ਵਿੱਚ ਕਲੱਬਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਨ੍ਹਾਂ ਵਿੱਚ 1,09,329 ਵਿਦਿਆਰਥੀ ਸ਼ਾਮਲ ਹੋ ਚੁੱਕੇ ਹਨ। ਇਸ ਸਬੰਧੀ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਦੀ ਇਸ ਪਹਿਲਕਦਮੀ ਸਦਕਾ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਵਿਸ਼ੇ ਪ੍ਰਤੀ ਡਰ, ਸਹਿਮ ਅਤੇ ਝਿਜਕ ਦੀ ਭਾਵਨਾ ਦੂਰ ਹੋਵੇਗੀ ਅਤੇ ਉਨ੍ਹਾਂ ਦੀ ਅੰਗਰੇਜ਼ੀ ਵਿਸ਼ੇ ਵਿੱਚ ਰੁਚੀ ਵਿਕਸਿਤ ਹੋਣ ਨਾਲ ਵਿਸ਼ੇ ਦੇ ਨਤੀਜੇ ਵੀ ਉੱਤਮ ਆਉਣਗੇ। ਬੂਸਟਰ ਕਲੱਬਾਂ ਸਬੰਧੀ ਸਟੇਟ ਰਿਸੋਰਸ ਪਰਸਨ (ਅੰਗਰੇਜ਼ੀ) ਚੰਦਰ ਸ਼ੇਖਰ ਦਾ ਕਹਿਣਾ ਹੈ ਕਿ ਅਧਿਆਪਕ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਵਿਸ਼ੇ ਦੇ ਵੱਖ-ਵੱਖ ਕੌਸਲਾਂ ਦਾ ਵਿਕਾਸ ਕਰਦੇ ਹੋਏ ਅਨੇਕਾਂ ਮਾਪਿਆਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਵਿਸ਼ੇ ਦੀ ਪੜ੍ਹਾਈ ਸਬੰਧੀ ਪੈਦਾ ਹੋਏ ਸ਼ੰਕਿਆਂ ਨੂੰ ਦੂਰ ਕਰ ਕੇ ਸਰਕਾਰੀ ਸਕੂਲਾਂ ਦੀ ਗੁਣਾਤਮਕ ਸਿੱਖਿਆ ਦੀ ਸਹੀ ਤਸਵੀਰ ਪੇਸ਼ ਕਰਨਗੇ। ਅਧਿਆਪਕਾ ਤਰੁਨਦੀਪ ਕੌਰ ਨੇ ਕਿਹਾ ਕਿ ਇਨ੍ਹਾਂ ਕਲੱਬਾਂ ਵਿੱਚ ਸਕੂਲ ਮੁਖੀ, ਅੰਗਰੇਜ਼ੀ ਲੈਕਚਰਾਰ, ਅੰਗਰੇਜ਼ੀ ਮਾਸਟਰ/ਮਿਸਟ੍ਰੈਸ ਦੀ ਸ਼ਮੂਲੀਅਤ ਜ਼ਰੂਰੀ ਹੋਵੇ ਅਤੇ ਬਾਕੀ ਸਕੂਲ ਅਮਲਾ ਸਵੈ-ਇਛੁੱਕ ਮੈਂਬਰ ਬਣ ਕੇ ਆਪਣੇ ਅੰਗਰੇਜ਼ੀ ਭਾਸ਼ਾ ਦੇ ਗਿਆਨ ਵਿੱਚ ਵਾਧਾ ਕਰ ਰਹੇ ਹਨ।

-ਪੱਤਰ ਪ੍ਰੇਰਕ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All