ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜਾਸੂਸੀ ਮਾਮਲਾ: ਗੋਪੀ ਨੇ ਫੌਜੀ ਟਿਕਾਣਿਆਂ ਦੀ ਜਾਣਕਾਰੀ ਕੀਤੀ ਸੀ ਲੀਕ

ਪੁਲੀਸ ਰਿਮਾਂਡ ਦੌਰਾਨ ਮੁਲਜ਼ਮ ਤੋਂ ਪੁੱਛਗਿੱਛ ਵਿੱਚ ਹੋਇਆ ਖੁਲਾਸਾ
Advertisement

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 23 ਜੂਨ

Advertisement

ਅੰਮ੍ਰਿਤਸਰ ਦਿਹਾਤੀ ਪੁਲੀਸ ਵੱਲੋਂ ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ-ਸਰਵਿਸ ਇੰਟੈਲੀਜੈਂਸ (ਆਈਐੱਸਆਈ) ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਫੌਜੀ ਜਵਾਨ ਗੁਰਪ੍ਰੀਤ ਸਿੰਘ ਉਰਫ਼ ਗੋਪੀ ਫੌਜੀ ਨੇ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣੇ ਤਣਾਅ ਮਗਰੋਂ ‘ਅਪ੍ਰੇਸ਼ਨ ਸਿੰਧੂਰ’ ਦੌਰਾਨ ਮਹੱਤਵਪੂਰਨ ਫੌਜੀ ਟਿਕਾਣਿਆਂ ਦੀ ਜਾਣਕਾਰੀ ਲੀਕ ਕਰਨ ਦੀ ਕਥਿਤ ਤੌਰ ’ਤੇ ਕੋਸ਼ਿਸ਼ ਕੀਤੀ ਹੈ। ਇਹ ਖੁਲਾਸਾ ਉਸ ਕੋਲੋਂ ਕੀਤੀ ਜਾ ਰਹੀ ਪੁਛਗਿਛ ਦੌਰਾਨ ਹੋਇਆ ਹੈ। ਉਹ ਇਸ ਵੇਲੇ ਪੁਲੀਸ ਰਿਮਾਂਡ ’ਤੇ ਹੈ ਅਤੇ ਪੁਲੀਸ ਸਣੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਜਦੋਂ ਉਸ ਨੇ ਇਹ ਜਾਣਕਾਰੀ ਲੀਕ ਕੀਤੀ, ਉਹ ਉਸ ਸਮੇਂ ਜੰਮੂ ਅਤੇ ਕਸ਼ਮੀਰ ਵਿੱਚ ਤਾਇਨਾਤ ਸੀ। ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਮੁਖੀ ਮਨਿੰਦਰ ਸਿੰਘ ਨੇ ਕਿਹਾ ਕਿ ਇਹ ਜਾਣਕਾਰੀ ਉਸ ਕੋਲੋ ਪੁੱਛਗਿੱਛ ਦੌਰਾਨ ਮਿਲੀ ਹੈ, ਜਿਸ ਦੀ ਪੁਲੀਸ ਵਲੋਂ ਮੁਕੰਮਲ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਕੀਤੀ ਗਈ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ ਪਿਛਲੇ ਸੱਤ ਤੋਂ ਅੱਠ ਮਹੀਨਿਆਂ ਤੋਂ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਸੀ। ਪੁਲੀਸ ਨੂੰ ਇਸ ਸਮੇਂ ਦੌਰਾਨ ਵਿੱਤੀ ਲੈਣ-ਦੇਣ ਹੋਣ ਬਾਰੇ ਜਾਣਕਾਰੀ ਮਿਲੀ ਹੈ। ਫੌਜੀ ਅਤੇ ਉਸ ਦਾ ਸਾਥੀ ਸਾਹਿਲ ਮਸੀਹ ਦੋਵੇਂ ਇੱਥੇ ਲੋਪੋਕੇ ਪੁਲੀਸ ਸਟੇਸ਼ਨ ਅਧੀਨ ਆਉਂਦੇ ਧਾਰੀਵਾਲ ਪਿੰਡ ਦੇ ਵਾਸੀ ਹਨ। ਇਨਾਂ ਨੂੰ ਪੁਲੀਸ ਨੇ ਸਰਕਾਰੀ ਭੇਤ ਲੀਕ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਸੀ। ਪੁਲੀਸ ਨੂੰ ਪਾਕਿਸਤਾਨ ਤੋਂ ਸਾਹਿਲ ਦੇ ਖਾਤਿਆਂ ਵਿੱਚ ਸ਼ੱਕੀ ਲੈਣ-ਦੇਣ ਹੋਣ ਦੀ ਸੂਹ ਮਿਲੀ ਸੀ, ਜਿਸ ਤੋ ਬਾਅਦ ਪੁਲੀਸ ਨੇ ਫੌਜੀ ਕਰਮਚਾਰੀ ਨੂੰ ਗ੍ਰਿਫ਼ਤਾਰ ਕੀਤਾ ਸੀ। 2016 ਵਿੱਚ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ, ਗੁਰਪ੍ਰੀਤ ਜੰਮੂ-ਕਸ਼ਮੀਰ ਤੋਂ ਇਲਾਵਾ ਦਿੱਲੀ ਅਤੇ ਮੇਰਠ ਫੌਜੀ ਛਾਉਣੀਆਂ ਵਿੱਚ ਵੀ ਤਾਇਨਾਤ ਰਿਹਾ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ ਆਈਐੱਸਆਈ ਹੈਂਡਲਰ ਰਾਣਾ ਜਾਵੇਦ ਦੇ ਸਿੱਧੇ ਸੰਪਰਕ ਵਿੱਚ ਸੀ। ਪੁਲੀਸ ਨੇ ਦੋਵੇਂ ਮੁਲਜ਼ਮਾਂ ਤੋਂ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ। ਇਹ ਵਿਅਕਤੀ ਆਪਣੇ ਪਿੰਡ ਧਾਰੀਵਾਲ ਦੇ ਦੁਬਈ ਰਹਿੰਦੇ ਕਥਿਤ ਨਸ਼ਾ ਤਸਕਰ ਅਰਜਨ ਰਾਹੀਂ ਆਈਐੱਸਆਈ ਦੇ ਸੰਪਰਕ ਵਿੱਚ ਆਇਆ ਸੀ। ਐਸਐਸਪੀ ਨੇ ਦਸਿਆ ਕਿ ਅਰਜਨ ਦਾ ਲੁੱਕ ਆਊਟ ਸਰਕੁਲਰ (ਐੱਲਓਸੀ) ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

Advertisement