ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 21 ਜਨਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਦੇ ਰੇਲਵੇ ਸਟੇਸ਼ਨ ਦੇ ਬਾਹਰ ਚੱਲ ਰਿਹਾ ‘ਰੇਲ ਰੋਕੋ ਅੰਦੋਲਨ’ ਅੱਜ 120ਵੇਂ ਦਿਨ ਵਿੱਚ ਦਾਖਲ ਹੋ ਗਿਆ ਅਤੇ ਇਸ ਦੇ ਨਾਲ ਹੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਨਿਜਰਪੁਰਾ ਟੌਲ ਪਲਾਜ਼ਾ ’ਤੇ ਚੱਲ ਰਹੀ ਲੜੀਵਾਰ ਭੁੱਖ ਹੜਤਾਲ 25ਵੇਂ ਦਿਨ ਵੀ ਜਾਰੀ ਰਹੀ। ਇਸ ਮੌਕੇ ਸੰਬੋਧਨ ਕਰਦਿਆਂ ਰਣਬੀਰ ਸਿੰਘ ਰਾਣਾ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ ਪ੍ਰਸਤਾਵ ਲਿਆਂਦੇ ਗਏ ਹਨ, ਉਨ੍ਹਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰਸਤਾਵ ਰੱਖ ਕੇ ਸਰਕਾਰ ਕਿਸਾਨ ਧਿਰਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਕਦੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਟਰੈਕਟਰ ਪਰੇਡ ਦੀਆਂ ਤਿਆਰੀਆਂ ਸਬੰਧੀ ਗੱਲ ਕਰਦਿਆਂ ਆਗੂਆਂ ਨੇ ਕਿਹਾ ਕਿ ਬੀਤੇ ਦਿਨ ਹਜ਼ਾਰਾਂ ਟਰੈਕਟਰ ਟਰਾਲੀਆਂ ਦਿੱਲੀ ਲਈ ਰਵਾਨਾ ਹੋ ਚੁੱਕੀਆਂ ਹਨ ਅਤੇ ਅੰਦੋਲਨ ਨੂੰ ਸਫ਼ਲ ਬਣਾਉਣ ਲਈ ਅਗਲੇ ਦਿਨਾਂ ’ਚ ਵੀ ਦੁੱਗਣੇ ਉਤਸ਼ਾਹ ਨਾਲ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦੇ ਕਾਫ਼ਲੇ ਟਰੈਕਟਰ ਪਰੇਡ ਦਾ ਹਿੱਸਾ ਬਣਨਗੇ। ਅੱਜ ਨਿਜਰਪੁਰਾ ਟੋਲ ਪਲਾਜ਼ੇ ’ਤੇ ਪੰਜ ਕਿਸਾਨ ਭੁੱਖ ਹੜਤਾਲ ’ਤੇ ਬੈਠੇ। ਜ਼ਿਲ੍ਹਾ ਪ੍ਰਧਾਨ ਮੰਗਲ ਸਿੰਘ ਰਾਮਪੁਰਾ ਨੇ ਆਪਣੇ ਸੰਬੋਧਨ ਦੌਰਾਨ ਖੇਤੀ ਕਾਨੂੰਨ ਰੱਦ ਹੋਣ ਤਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣ ਦਾ ਅਹਿਦ ਦੁਹਰਾਇਆ। ਇਸ ਮੌਕੇ ਬਲਰਾਜ ਸਿੰਘ ਸੇਰੋਂ, ਗੁਰਿੰਦਰਬੀਰ ਸਿੰਘ ਕੱਸੋਆਣਾ, ਗੁਰਜੰਟ ਸਿੰਘ ਲੈਹਰਾ, ਭੁਪਿੰਦਰ ਸਿੰਘ ਹਰਾਜ, ਮੱਖਣ ਸਿੰਘ ਵਾੜਾ, ਮਨਜਿੰਦਰ ਸਿੰਘ ਬੂਲੇ, ਗੁਰਜੀਤ ਸਿੰਘ ਸ਼ੇਰਪੁਰ, ਜਸਵੰਤ ਸਿੰਘ ਝਤਰਾ, ਅਮਰਜੀਤ ਸਿੰਘ, ਬਲਕਾਰ ਸਿੰਘ, ਗੁਰਦੀਪ ਸਿੰਘ ਅਤੇ ਨਿਰਭੈ ਸਿੰਘ ਸਿੰਘ ਨੇ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ।