ਦੋ ਨੌਜਵਾਨਾਂ ਤੇ ਪੁਲੀਸ ਵਿਚਾਲੇ ਮੁਕਾਬਲਾ, ਇੱਕ ਜ਼ਖ਼ਮੀ
ਹਰਪ੍ਰੀਤ ਕੌਰ/ਜੰਗ ਬਹਾਦਰ ਸਿੰਘ ਸੇਖੋਂ
ਹੁਸ਼ਿਆਰਪੁਰ/ਗੜ੍ਹਸ਼ੰਕਰ, 28 ਜੂਨ
ਮਾਹਿਲਪਰ ਬਲਾਕ ਦੇ ਪਿੰਡ ਬਾੜੀਆਂ ਕਲਾਂ ਦੇ ਬਾਹਰਵਾਰ ਅਤੇ ਚੰਬਲਾ ਖੁਰਦ ਦੇ ਚੋਅ ਵਿੱਚ ਅੱਜ ਦੁਪਹਿਰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਅਤੇ ਚੱਬੇਵਾਲ ਪੁਲੀਸ ਵਿਚਕਾਰ ਹੋਏ ਮੁਕਾਬਲੇ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਜਦਕਿ ਇਕ ਨੌਜਵਾਨ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ਗਿਆ। ਐੱਸਐੱਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪਿਛਲੇ ਦਿਨੀਂ 18 ਜੂਨ ਨੂੰ ਭਾਮ ਪਿੰਡ ਵਿੱਚ ਸਿਮਰਨ ਵੈਸਟਰਨ ਯੂਨੀਅਨ ਵਿੱਚ ਲੱਖਾਂ ਰੁਪਏ ਦੀ ਡਕੈਤੀ ਹੋਈ ਸੀ ਅਤੇ ਇਸ ਵਾਰਦਾਤ ਵਿੱਚ 3 ਨੌਜਵਾਨਾਂ ਨੂੰ ਚੱਬੇਵਾਲ ਪੁਲੀਸ ਵੱਲੋਂ ਕਾਬੂ ਕਰ ਲਿਆ ਗਿਆ ਸੀ। ਪੁੱਛ-ਗਿੱਛ ਦੌਰਾਨ 3 ਨੌਜਵਾਨਾਂ ਨੇ ਦਲਜੀਤ ਸਿੰਘ ਉਰਫ ਡੋਲੂ ਵਾਸੀ ਪਿੰਡ ਸਦਕਪੁਰ, ਸ਼ਾਹਕੋਟ ਤੇ ਜਸਵਿੰਦਰ ਸਿੰਘ ਵਾਸੀ ਪਿੰਡ ਸੇਖਪੁਰ ਨਰੂੜ ਜ਼ਿਲ੍ਹਾ ਕਪੂਰਥਲਾ ਦਾ ਨਾਂ ਲਿਆ ਸੀ। ਅੱਜ ਸਬੰਧਤ ਪਿੰਡ ਨੇੜੇ ਇਹ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਉਨ੍ਹਾਂ ਐੱਸਐੱਚਓ ਹਰੀਸ਼ ਕੁਮਾਰ ਚੱਬੇਵਾਲ ਅਤੇ ਪੁਲੀਸ ਟੀਮ ’ਤੇ ਗੋਲੀ ਚਲਾ ਦਿੱਤੀ। ਪੁਲੀਸ ਵੱਲੋਂ ਕੀਤੀ ਜਵਾਬੀ ਫਾਇਰਿੰਗ ਵਿੱਚ ਨੌਜਵਾਨ ਦਲਜੀਤ ਸਿੰਘ ਉਰਫ ਡੋਲੂ ਦੀ ਖੱਬੀ ਲੱਤ ਵਿੱਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਉਨ੍ਹਾਂ ਕਿਹਾ ਕਿ ਦਲਜੀਤ ਸਿੰਘ ਖਿਲਾਫ਼ ਵੱਖ ਵੱਖ ਥਾਣਿਆਂ ਵਿੱਚ 16 ਤੋਂ ਵੱਧ ਕੇਸ ਅਤੇ ਜਸਵਿੰਦਰ ਸਿੰਘ ਖਿਲਾਫ਼ 4 ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਦਲਜੀਤ ਸਿੰਘ ਡੋਲੂ ਵਲੋਂ ਵਰਤਿਆ ਗਿਆ 32 ਬੋਰ ਦਾ ਰਿਵਾਲਵਰ ਬਰਾਮਦ ਕਰ ਲਿਆ ਗਿਆ ਹੈ।