ਕੁਲਦੀਪ ਸਿੰਘ
ਚੰਡੀਗੜ੍ਹ, 27 ਅਕਤੂਬਰ
ਮੁਲਾਜ਼ਮ ਜਥੇਬੰਦੀ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀਐੱਸਐੱਮਐੱਸਯੂ) ਦੇ ਸੱਦੇ ’ਤੇ ਸਰਕਾਰੀ ਦਫ਼ਤਰਾਂ ਵਿੱਚ ਚੱਲ ਰਹੀ ਸੂਬਾ ਪੱਧਰੀ ਕਲਮ ਛੱਡੋ ਹੜਤਾਲ ਵਿੱਚ ਅੱਜ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮ ਵੀ ਸ਼ਾਮਲ ਹੋ ਗਏ ਹਨ। ਮੁਲਾਜ਼ਮਾਂ ਬਾਝੋਂ ਸੁੰਨੇ ਪਏ ਸਕੱਤਰੇਤ ਵਿੱਚ ਅੱਜ ਪੂਰਾ ਦਿਨ ਕੰਮ ਕਾਜ ਠੱਪ ਰਿਹਾ ਅਤੇ ਮੁਲਾਜ਼ਮਾਂ ਨੇ ਸਕੱਤਰੇਤ ਦੇ ਬਾਹਰ ਪਾਰਕਿੰਗ ਵਿੱਚ ਬੈਠ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਹੜਤਾਲ ਕਾਰਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੈਬਨਿਟ ਮੀਟਿੰਗ ਵੀ ਲੁਧਿਆਣੇ ਸੱਦਣੀ ਪਈ।
ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂਟੀ ਚੰਡੀਗੜ੍ਹ ਦੇ ਸੂਬਾ ਕਨਵੀਨਰ ਅਤੇ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ, ਪੀਐੱਸਐੱਮਐੱਸਯੂ ਦੇ ਜਨਰਲ ਸਕੱਤਰ ਮਨਦੀਪ ਸਿੰਘ ਸਿੱਧੂ ਸਮੇਤ ਵਿੱਤੀ ਕਮਿਸ਼ਨਰ ਸਕੱਤਰੇਤ ਤੋਂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ। ਅਧਿਕਾਰੀਆਂ ਨਾਲ ਵਾਰ-ਵਾਰ ਕੀਤੀਆਂ ਜਾ ਰਹੀਆਂ ਮੀਟਿੰਗਾਂ ਵੀ ਕਿਸੇ ਨਤੀਜੇ ’ਤੇ ਨਹੀਂ ਪਹੁੰਚੀਆਂ। ਪੰਜਾਬ ਡਰਾਫਟਸਮੈਨ ਐਸੋਸੀਏਸ਼ਨ ਨੇ ਵੀ ਸੂਬਾ ਪ੍ਰਧਾਨ ਰਵਿੰਦਰ ਸਿੰਘ ਅਠਵਾਲ, ਜਨਰਲ ਸਕੱਤਰ ਰਾਜਿੰਦਰ ਕੁਮਾਰ, ਕਾਰਜਕਾਰੀ ਪ੍ਰਧਾਨ ਚਰਨ ਕਮਲ ਸ਼ਰਮਾ ਦੀ ਅਗਵਾਈ ਹੇਠ ਸੂਬਾ ਭਰ ਦੇ ਦਫ਼ਤਰਾਂ ਵਿੱਚ ਕਾਲੇ ਬਿੱਲੇ ਲਗਾ ਕੇ ਰੋਸ ਰੈਲੀਆਂ ਕੀਤੀਆਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ।
ਡਾਇਰੈਕਟੋਰੇਟਾਂ ਦੇ ਮੁਲਾਜ਼ਮਾਂ ਵੱਲੋਂ ਵੀ ਦਫ਼ਤਰਾਂ ਦੇ ਬਾਹਰ ਰੋਸ ਰੈਲੀਆਂ
ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ ਕਾਰਨ ਅੱਜ ਪੰਜਾਬ ਅਤੇ ਚੰਡੀਗੜ੍ਹ ਦੇ ਡਾਇਰੈਕਟੋਰੇਟਾਂ ਵਿੱਚ ਵੀ ਕੰਮਕਾਜ ਠੱਪ ਰਿਹਾ। ਸੈਕਟਰ-17 ਸਥਿਤ ਉਦਯੋਗ ਵਿਭਾਗ ਦਫ਼ਤਰ ਦੇ ਬਾਹਰ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂਟੀ ਦੇ ਕਨਵੀਨਰ ਰੰਜੀਵ ਕੁਮਾਰ ਸ਼ਰਮਾ ਅਤੇ ਕੋਆਪ੍ਰੇਟਿਵ ਵਿਭਾਗ ਤੋਂ ਜਸਮਿੰਦਰ ਸਿੰਘ ਦੀ ਅਗਵਾਈ ਹੇਠ ਰੋਸ ਰੈਲੀ ਕੀਤੀ ਗਈ।