ਮੁਲਾਜ਼ਮ ਸੰਘਰਸ਼ ਦੌਰਾਨ ਸਰਕਾਰ ਵੱਲੋਂ ਪੰਜਾਬ ਸਿਵਲ ਸਕੱਤਰ ਤੋਂ ਕੀਤੀ ਬਦਲੀ ਉਪਰੰਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਨੇ ਸੈਕਟਰ 33 ਸਥਿਤ ਵਿੱਤ ਅਤੇ ਯੋਜਨਾ ਭਵਨ ਵਿੱਚ ਆਪਣਾ ਅਹੁਦਾ ਸੰਭਾਲ ਲਿਆ। ਆਗੂ ਦੀ ਜੁਆਇਨਿੰਗ ਮੌਕੇ ਸਾਂਝਾ ਮੁਲਾਜ਼ਮ ਮੰਚ ਚੰਡੀਗੜ੍ਹ ਯੂਨਿਟ ਦੇ ਸੱਦੇ ’ਤੇ ਅੱਜ ਸੈਕਟਰ-33 ਵਿੱਤ ਤੇ ਯੋਜਨਾ ਭਵਨ ਵਿੱਚ ਚੰਡੀਗੜ੍ਹ ਯੂਨਿਟ ਦੇ ਕਨਵੀਨਰ ਦਵਿੰਦਰ ਸਿੰਘ ਬੈਨੀਪਾਲ ਦੀ ਪ੍ਰਧਾਨਗੀ ਹੇਠ ਵਿੱਤ ਅਤੇ ਯੋਜਨਾ ਭਵਨ ਵਿਖੇ ਹੋਇਆ ਮੁਲਾਜ਼ਮਾਂ ਦਾ ਵੱਡਾ ਇਕੱਠ ਰੈਲੀ ਦਾ ਰੂਪ ਧਾਰਨ ਕਰ ਗਿਆ, ਜਿਸ ਵਿੱਚ ਸ਼ਾਮਲ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੁਲਾਜ਼ਮ ਆਗੂਆਂ ਵਿੱਚ ਸਕੱਤਰੇਤ ਤੋਂ ਸਾਹਿਲ ਸ਼ਰਮਾ, ਜਲ ਸਰੋਤ ਵਿਭਾਗ ਯੂਨੀਅਨ ਦੀ ਪ੍ਰਧਾਨ ਹਰਪ੍ਰੀਤ ਕੌਰ, ਚੇਅਰਮੈਨ ਸੁਖਵਿੰਦਰ ਸਿੰਘ, ਜਸਮਿੰਦਰ ਸਿੰਘ ਸੂਬਾ ਪ੍ਰਧਾਨ ਸਹਿਕਾਰਤਾ, ਅਮਿਤ ਕਟੋਚ ਖੇਤੀਬਾੜੀ, ਸੰਜੀਵ ਕਾਲੜਾ ਪ੍ਰਧਾਨ ਸਹਿਕਾਰਤਾ ਮੁੱਖ ਦਫਤਰ, ਹਰਚਰਨਜੀਤ ਸਿੰਘ ਸੰਧੂ ਪ੍ਰਧਾਨ, ਕਮਲਜੀਤ ਸਿੰਘ ਜਨਰਲ ਸਕੱਤਰ ਫੂਡ ਸਪਲਾਈ, ਮਨਪ੍ਰੀਤ ਸਿੰਘ ਪ੍ਰਧਾਨ ਸਿਹਤ ਵਿਭਾਗ, ਹਰਨੇਕ ਸਿੰਘ ਪ੍ਰਧਾਨ ਟਰਾਂਸਪੋਰਟ, ਸੰਜੀਵ ਕੁਮਾਰ ਸੀਨੀਅਰ ਪ੍ਰਧਾਨ ਡਰਾਈਵਰ ਯੂਨੀਅਨ, ਗੁਰਜਿੰਦਰ ਸਿੰਘ ਸੈਣੀ, ਗੁਰਸ਼ਰਨਜੀਤ ਸਿੰਘ ਹੁੰਦਲ ਪ੍ਰਧਾਨ ਰੈਵੇਨਿਊ ਵਿੰਗ ਸਮੇਤ ਸਾਂਝਾ ਮੁਲਾਜ਼ਮ ਮੰਚ ਦੇ ਰਿਟਾਇਰੀ ਵਿੰਗ ਦੇ ਕੋਆਰਡੀਨੇਟਰ ਬਚਿੱਤਰ ਸਿੰਘ ਪਟਿਆਲਾ, ਖੁਸ਼ਵਿੰਦਰ ਕਪਿਲਾ ਨੇ ਕਿਹਾ ਕਿ ਸਰਕਾਰ ਨੇ ਖਹਿਰਾ ਦੀ ਬਦਲੀ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਮੁਲਾਜ਼ਮਾਂ ਦੇ ਸੰਘਰਸ਼ ਤੋਂ ਡਰੀ ਹੋਈ ਹੈ। ਸੁਖਚੈਨ ਸਿੰਘ ਖਹਿਰਾ ਨੇ ਮੀਡੀਆ ਨੂੰ ਆਖਿਆ ਕਿ ਉਹ ਸਰਕਾਰ ਦਾ ਧੰਨਵਾਦ ਕਰਦੇ ਹਨ ਕਿ ਜਿਹੜਾ ਉਨ੍ਹਾਂ ਦੀ ਬਦਲੀ ਕਰਕੇ ਸਰਕਾਰ ਨੇ ਉਨ੍ਹਾਂ ਦਾ ਕੰਮ ਹੋਰ ਸੌਖਾ ਕਰ ਦਿੱਤਾ ਹੈ। ਹੁਣ ਉਹ ਅਗਲੇ ਤਿੱਖੇ ਸੰਘਰਸ਼ਾਂ ਦੀ ਰੂਪਰੇਖਾ ਆਸਾਨੀ ਨਾਲ ਤਿਆਰ ਕਰ ਸਕਣਗੇ।
ਖਹਿਰਾ ਦੇ ਤਬਾਦਲੇ ਦੀ ਨਿਖੇਧੀ
ਮੁਲਾਜ਼ਮ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਬਾਜ ਸਿੰਘ ਖਹਿਰਾ, ਕਾਰਜਕਾਰੀ ਪ੍ਰਧਾਨ ਅਮਰੀਕ ਸਿੰਘ ਕੰਗ, ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਰੰਧਾਵਾ ਅਤੇ ਸੀਨੀਅਰ ਮੀਤ ਪ੍ਰਧਾਨ ਰਵਿੰਦਰਜੀਤ ਸਿੰਘ ਪੰਨੂ ਨੇ ਸੁਖਚੈਨ ਖਹਿਰਾ ਦੇ ਤਬਾਦਲੇ ਦੀ ਨਿਖੇਧੀ ਕੀਤੀ ਹੈ।

