ਪੰਜਾਬ ਵਿੱਚ ਚੋਣਾਂ ਨਵੰਬਰ-ਦਸੰਬਰ ਵਿੱਚ ਹੋਣ ਦੀ ਸੰਭਾਵਨਾ: ਬਘੇਲ
ਕਾਂਗਰਸ ਵੱਲੋਂ ਲਾਮਬੰਦੀ ਲਈ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਦੀ ਸ਼ੁਰੂਆਤ
ਪੰਜਾਬ ਕਾਂਗਰਸ ਨੇ ਬੂਥ ਪੱਧਰ ’ਤੇ ਲਾਮਬੰਦੀ ਲਈ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ। ਇਸ ਮੌਕੇ ਇਕੱਤਰਤਾ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਪਾਰਟੀ ਦੇ ਜਨਰਲ ਸਕੱਤਰ ਭੂਪੇਸ਼ ਬਘੇਲ ਸਮੇਤ ਕਾਂਗਰਸ ਲੀਡਰਸ਼ਿਪ, ਅਹੁਦੇਦਾਰ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸ੍ਰੀ ਬਘੇਲ ਨੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੂੰ ਕਿਹਾ ਕਿ ਪੰਜਾਬ ਵਿੱਚ ਚੋਣਾਂ ਨਵੰਬਰ ਦਸੰਬਰ ਵਿੱਚ ਹੋਣ ਦੀ ਸੰਭਾਵਨਾ ਹੈ। ਇਸ ਲਈ ਸਾਰੇ ਕਾਂਗਰਸੀ ਵਰਕਰਾਂ ਨੂੰ ਪੂਰੀ ਤਿਆਰੀ ਵਿੱਚ ਜੁੱਟ ਜਾਣਾ ਚਾਹੀਦਾ ਹੈ। ਪੰਜਾਬ ਵਿੱਚ ਇਸ ਵਾਰੀ ਪੰਜ ਕੋਣੀ ਲੜਾਈ ਹੋਣ ਦੀ ਸੰਭਾਵਨਾ ਹੈ ਅਤੇ ਪੰਜਾਬ ਦੇ ਲੋਕ ਕਾਂਗਰਸੀ ਵੱਲ ਵੇਖ ਰਹੇ ਹਨ ਕਿ ਪਾਰਟੀ ਹੀ ਮੌਜੂਦਾ ਆਮ ਆਦਮੀ ਪਾਰਟੀ ਦਾ ਬਦਲ ਹੈ। ਇਹ ਚੋਣਾਂ ਪੰਜਾਬ ਦੀ ਕਿਸਮਤ ਦਾ ਫ਼ੈਸਲਾ ਕਰਨਗੀਆਂ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਵਿੱਚ ਭਾਜਪਾ ਵਾਂਗ ਪੰਜਾਬ ਵਿੱਚ ‘ਆਪ’ ਵੀ ਬਦਲੇ ਦੀ ਭਾਵਨਾ ਨਾਲ ਕੰਮ ਕਰਦੀ ਹੈ, ਜਦੋਂ ਕਿ ਕਾਂਗਰਸ ਨੇ ਕਦੇ ਬਦਲੇ ਦੀ ਰਾਜਨੀਤੀ ਨਹੀਂ ਕੀਤੀ।
ਉਨ੍ਹਾਂ ਖ਼ੁਲਾਸਾ ਕੀਤਾ ਕਿ ‘ਆਪ’ ਦਾ ਪੰਜਾਬ ਵਿੱਚ ਸਮਾਂ ਮੁੱਕਣ ਵਾਲਾ ਹੈ ਅਤੇ ਸੂਬੇ ਲਈ ਕਾਂਗਰਸ ਹੀ ਇਕਲੌਤਾ ਬਦਲ ਹੈ। ਇਸ ਵਾਰ ਪੰਜ-ਕੋਣੀ ਮੁਕਾਬਲਾ ਹੋਵੇਗਾ। ਪਾਰਟੀ ਦੀ ਕਿਸਮਤ ਵਰਕਰਾਂ ਦੇ ਹੱਥ ਵਿੱਚ ਹੈ ਅਤੇ ਜਦੋਂ ਹਰ ਬੂਥ ’ਤੇ ਕਾਂਗਰਸ ਜਿੱਤੇਗੀ, ਤਾਂ ਹੀ ਸਰਕਾਰ ਬਣੇਗੀ।
ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ 1 ਹਜ਼ਾਰ ਕਰੋੜ ਦੇ ਇਸ਼ਤਿਹਾਰੀ ਬਜਟ ਦੇ ਸਹਾਰੇ ਚੱਲ ਰਹੇ ਹਨ, ਜਦੋਂ ਇਹ ਪ੍ਰਚਾਰ ਰੁਕ ਜਾਵੇਗਾ ਤਾਂ ਉਨ੍ਹਾਂ ਲਈ ਸਿਆਸੀ ‘ਆਕਸੀਜਨ ਸਪਲਾਈ’ ਵੀ ਬੰਦ ਹੋ ਜਾਵੇਗੀ ਅਤੇ ਸਰਕਾਰ ਡਿੱਗ ਜਾਵੇਗੀ। ਕਾਂਗਰਸ ਮਜ਼ਬੂਤ ਅਤੇ ਇਕਜੁੱਟ ਹੈ ਪਰ ਮੀਡੀਆ ਅੰਦਰਲੇ ਮਾਮੂਲੀ ਮਤਭੇਦਾਂ ਨੂੰ ਵੱਡਾ ਕਰਕੇ ਦਿਖਾਉਂਦਾ ਹੈ, ਜਦਕਿ ਇਹ ਨਹੀਂ ਦੱਸਦਾ ਕਿ ‘ਆਪ’ ਦੇ ਛੇ ਸੰਸਦ ਮੈਂਬਰ ਭਾਜਪਾ ਵਿੱਚ ਗਏ ਅਤੇ 60 ਤੋਂ ਵੱਧ ਵਿਧਾਇਕ ਭਾਜਪਾ ਨਾਲ ਸੰਪਰਕ ਵਿੱਚ ਹਨ, ਜਿਸ ਕਾਰਨ ਉਨ੍ਹਾਂ ਦੀਆਂ ਟਿਕਟਾਂ ਕੱਟੀਆਂ ਜਾ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਆਪਣੇ ਤੋਂ ਸੀਨੀਅਰ ਆਗੂਆਂ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਆਦਿ ਦਾ ਹਮੇਸ਼ਾ ਸਤਿਕਾਰ ਕਰਦੇ ਹਨ। ਪ੍ਰਧਾਨਗੀ ਤਾਂ ਛੋਟੀ ਗੱਲ ਹੈ, ਜੇ ਉਨ੍ਹਾਂ ਨੂੰ ਟਿਕਟ ਵੀ ਨਾ ਮਿਲੇ ਤਾਂ ਵੀ ਉਹ ਕਾਂਗਰਸ ਨਾਲ ਹੀ ਰਹਿਣਗੇ ਅਤੇ ਕਾਂਗਰਸੀ ਹੀ ਮਰਨਗੇ।

