DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਥਿਤ ਨਸ਼ੇੜੀ ਵੱਲੋਂ ਲੁੱਟ ਦੀ ਕੋਸ਼ਿਸ਼ ਦੌਰਾਨ ਬਿਰਧ ਮਹਿਲਾ ਦੀ ਕੁੱਟਮਾਰ

ਸਥਾਨਕ ਲੋਕਾਂ ਨੇ ਮੁਲਜ਼ਮ ਫੜ ਕੇ ਪੁਲੀਸ ਹਵਾਲੇ ਕੀਤਾ 

  • fb
  • twitter
  • whatsapp
  • whatsapp
featured-img featured-img
ਖੰਬੇ ਨਾਲ ਬੰਨਿਆ ਝਪਟਮਾਰ
Advertisement
ਅੱਜ ਸਿਖ਼ਰ ਦੁਪਹਿਰ ਸਥਾਨਕ ਮੋਤੀ ਬਾਗ ਕਲੋਨੀ ਕੋਲ ਇੱਕ ਬਿਰਧ ਮਹਿਲਾ ਨੇ ਹਿੰਮਤ ਦਿਖਾਉਂਦੇ ਹੋਏ ਕਥਿਤ ਨਸ਼ੇੜੀ ਝਪਟਮਾਰਾਂ ਨੂੰ ਉਨ੍ਹਾਂ ਦੇ ਮਨਸੂਬੇ ਵਿੱਚ ਸਫ਼ਲ ਨਾ ਹੋਣ ਦਿੱਤਾ। ਹਾਲਾਂਕਿ ਇਸ ਦੌਰਾਨ ਇੱਕ ਝਪਟਮਾਰ ਵੱਲੋਂ ਜ਼ਮੀਨ 'ਤੇ ਸੁੱਟ ਕੇ ਕੁੱਟੇ ਜਾਣ ਕਾਰਨ ਉਹ ਜ਼ਖ਼ਮੀ ਹੋ ਗਈ, ਪਰ ਉਸ ਨੇ 20 ਹਜ਼ਾਰ ਰੁਪਏ ਦੀ ਨਕਦੀ ਨਾਲ ਭਰਿਆ ਥੈਲਾ ਨਾ ਛੱਡਿਆ। ਇਸ ਦੌਰਾਨ ਰੌਲਾ ਸੁਣ ਕੇ ਇਕੱਤਰ ਹੋਏ ਲੋਕਾਂ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਧਰ ਦਬੋਚਿਆ ਅਤੇ ਉਸ ਨੂੰ ਖੰਭੇ ਨਾਲ ਬੰਨ੍ਹ ਕੇ ਪੁਲੀਸ ਬੁਲਾ ਲਈ। ਲੋਕਾਂ ਮੁਤਾਬਕ ਉਸ ਕੋਲੋਂ ਇੱਕ ਸਰਿੰਜ ਵੀ ਬਰਾਮਦ ਹੋਈ।

ਜਾਣਕਾਰੀ ਮੁਤਾਬਕ ਦੁਪਹਿਰੇ ਤਕਰੀਬਨ 1 ਵਜੇ ਪੀੜਤ ਮਹਿਲਾ ਪੁਰਾਣੇ ਹਾਈ ਕੋਰਟ ਬਾਜ਼ਾਰ ਵਿਖੇ ਬੈਂਕ ਵਿੱਚੋਂ 20,000 ਰੁਪਏ ਕਢਵਾ ਕੇ ਈ-ਰਿਕਸ਼ਾ ਰਾਹੀਂ ਘਰ ਜਾ ਰਹੀ ਸੀ। ਜਿਵੇਂ ਹੀ ਉਹ ਮੋਤੀ ਬਾਗ ਗਲੀ ਨੰਬਰ 3 ਦੇ ਮੋੜ 'ਤੇ ਉਤਰ ਕੇ ਪੈਦਲ ਆਪਣੇ ਘਰ ਨੂੰ ਜਾਣ ਲੱਗੀ, ਤਾਂ ਇੱਕ ਵਿਅਕਤੀ ਨੇ ਮਹਿਲਾ ਕੋਲੋਂ ਉਸ ਦਾ ਥੈਲਾ ਖੋਹਣ ਦੀ ਕੋਸ਼ਿਸ਼ ਕੀਤੀ, ਪਰ ਬਿਰਧ ਮਹਿਲਾ ਨੇ ਥੈਲਾ ਨਾ ਛੱਡਿਆ। ਜਦੋਂ ਉਹ ਸੰਘਰਸ਼ ਕਰਦੇ ਹੋਏ ਹੇਠਾਂ ਡਿੱਗ ਗਈ, ਤਾਂ ਥੈਲਾ ਛੁਡਵਾਉਣ ਲਈ ਝਪਟਮਾਰ ਨੇ ਉਸ ਦੇ ਢਿੱਡ ਵਿੱਚ ਲੱਤਾਂ ਮਾਰੀਆਂ। ਰੌਲਾ ਸੁਣ ਕੇ ਜਦੋਂ ਲੋਕਾਂ ਨੇ ਬਾਹਰ ਆ ਕੇ ਉਕਤ ਵਾਰਦਾਤ ਹੁੰਦੀ ਦੇਖੀ, ਤਾਂ ਨੇੜੇ ਖੜ੍ਹਾ ਇੱਕ ਮੋਟਰਸਾਈਕਲ ਸਵਾਰ ਤਾਂ ਫ਼ਰਾਰ ਹੋ ਗਿਆ, ਪਰ ਕੁੱਟਮਾਰ ਕਰਨ ਵਾਲੇ ਮੁਲਜ਼ਮ ਨੂੰ ਲੋਕਾਂ ਨੇ ਪਿੱਛਾ ਕਰਕੇ ਧਰ ਦਬੋਚਿਆ।

ਇਸ ਤੋਂ ਬਾਅਦ ਉਸ ਨੂੰ ਖੰਭੇ ਨਾਲ ਬੰਨ੍ਹ ਲਿਆ ਅਤੇ ਪੁਲੀਸ ਨੂੰ ਇਤਲਾਹ ਕਰ ਦਿੱਤੀ। ਮੌਕੇ 'ਤੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਕੋਲੋਂ ਇੱਕ ਸਰਿੰਜ ਬਰਾਮਦ ਕੀਤੀ ਗਈ ਅਤੇ ਉਸ ਨੇ ਕਥਿਤ ਤੌਰ ਉੱਤੇ ਮੰਨਿਆ ਕਿ ਉਹ ਰੋਹਟੀ ਦੇ ਪੁਲਾਂ ਤੋਂ ਨਸ਼ਾ ਖ਼ਰੀਦਦਾ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਸਾਰੇ ਵਾਕਿਆ ਦੀ ਵੀਡੀਓ ਵੀ ਬਣਾਈ ਗਈ ਅਤੇ ਪੁਲੀਸ ਦੇ ਪਹੁੰਚਣ 'ਤੇ ਉਸ ਨੂੰ ਪੁਲੀਸ ਦੇ ਸਪੁਰਦ ਕਰ ਦਿੱਤਾ।

Advertisement

ਇਸ ਮੌਕੇ ਐੱਸ ਐੱਚ ਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਮੁਲਜ਼ਮ ਪੁਲੀਸ ਹਿਰਾਸਤ ਵਿੱਚ ਹੈ ਅਤੇ ਦੂਜੇ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਕੋਈ ਸਰਿੰਜ ਬਰਾਮਦ ਨਹੀਂ ਹੋਈ, ਹੋ ਸਕਦਾ ਹੈ ਕਿ ਲੋਕਾਂ ਨਾਲ ਜੱਦੋ-ਜਹਿਦ ਦੌਰਾਨ ਉੱਥੇ ਡਿੱਗ ਗਈ ਹੋਵੇ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।

Advertisement

Advertisement
×