ਬਠਿੰਡਾ ਦੇ ਪ੍ਰਾਈਵੇਟ ਸਕੂਲਾਂ ’ਤੇ ਸਿੱਖਿਆ ਵਿਭਾਗ ਦਾ ਛਾਪਾ: ਛੁੱਟੀ ਦੇ ਬਾਵਜੂਦ ਖੁੱਲ੍ਹੇ ਸਕੂਲਾਂ ਨੂੰ ਸਖ਼ਤ ਚਿਤਾਵਨੀ
ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪ੍ਰਬੰਧਕਾਂ ਨੂੰ ਪਾਈ ਝਾੜ; ਡੀ.ਈ.ਓ. ਵੱਲੋਂ ਅਧੂਰੇ ਰਿਕਾਰਡ ਤੇ ਖ਼ਾਮੀਆਂ ਵਾਲੇ ਸਕੂਲਾਂ ਖ਼ਿਲਾਫ਼ ਕਾਰਵਾਈ ਦੇ ਸੰਕੇਤ
ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੇ ਬਾਵਜੂਦ ਦੂਜੇ ਸ਼ਨੀਵਾਰ ਕਈ ਪ੍ਰਾਈਵੇਟ ਸਕੂਲ ਖੁੱਲ੍ਹੇ ਹੋਣ ਦੀਆਂ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮਮਤਾ ਖੁਰਾਣਾ ਸੇਠੀ ਨੇ ਆਪਣੀ ਟੀਮ ਸਮੇਤ ਅਚਨਚੇਤ ਚੈਕਿੰਗ ਕਰਕੇ ਸਕੂਲਾਂ ਦੇ ਪ੍ਰਬੰਧਾਂ ਅਤੇ ਰਿਕਾਰਡ ਦੀ ਗਹਿਰਾਈ ਨਾਲ ਜਾਂਚ ਕੀਤੀ।
ਚੈਕਿੰਗ ਦੌਰਾਨ ਕੁਐਸਟ ਇੰਟਰਨੈਸ਼ਨਲ ਪਬਲਿਕ ਸਕੂਲ ਅਤੇ ਸੇਂਟ.ਪਾਲ ਪਬਲਿਕ ਹਾਈ ਸਕੂਲ ਸਮੇਤ ਹੋਰ ਸਕੂਲਾਂ ਦਾ ਰਿਕਾਰਡ ਖੰਗਾਲਿਆ ਗਿਆ। ਜਾਂਚ ਦੌਰਾਨ ਕੁਝ ਸਕੂਲ ਦੂਜੇ ਸ਼ਨੀਵਾਰ ਖੁੱਲ੍ਹੇ ਮਿਲੇ, ਜਦਕਿ ਕਈ ਥਾਵਾਂ ’ਤੇ ਰਿਕਾਰਡ ਅਧੂਰਾ ਅਤੇ ਦਸਤਾਵੇਜ਼ਾਂ ਵਿੱਚ ਖਾਮੀਆਂ ਪਾਈਆਂ ਗਈਆਂ। ਕੁਝ ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਛੁੱਟੀ ਵਾਲੇ ਦਿਨ ਡਿਊਟੀ ਲਈ ਬੁਲਾਏ ਜਾਣ ਸਬੰਧੀ ਵੀ ਸ਼ਿਕਾਇਤਾਂ ਸਾਹਮਣੇ ਆਈਆਂ।
ਮਮਤਾ ਖੁਰਾਣਾ ਸੇਠੀ ਨੇ ਸਕੂਲ ਪ੍ਰਬੰਧਕਾਂ ਨੂੰ ਸਪੱਸ਼ਟ ਸ਼ਬਦਾਂ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਸਿੱਖਿਆ ਵਿਭਾਗ ਦੇ ਨਿਯਮਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੂਜੇ ਸ਼ਨੀਵਾਰ ਸਕੂਲ ਖੋਲ੍ਹਣ, ਕਰਮਚਾਰੀਆਂ ਨੂੰ ਬਿਨਾਂ ਲੋੜ ਡਿਊਟੀ ’ਤੇ ਬੁਲਾਉਣ ਜਾਂ ਰਿਕਾਰਡ ਵਿੱਚ ਗੜਬੜ ਕਰਨ ਵਾਲੇ ਸਕੂਲਾਂ ਖ਼ਿਲਾਫ਼ ਵਿਭਾਗੀ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਅਤੇ ਅਧਿਆਪਕਾਂ ਵੱਲੋਂ ਮਿਲਣ ਵਾਲੀ ਹਰ ਸ਼ਿਕਾਇਤ ਦੀ ਮੌਕੇ ’ਤੇ ਜਾਂਚ ਕਰਕੇ ਤੁਰੰਤ ਨਿਪਟਾਰਾ ਯਕੀਨੀ ਬਣਾਇਆ ਜਾਵੇਗਾ। ਚੈਕਿੰਗ ਦੌਰਾਨ ਵਿਭਾਗੀ ਟੀਮ ਦੇ ਮੈਂਬਰ ਵੀ ਮੌਜੂਦ ਰਹੇ।

