ਈ ਡੀ ਵੱਲੋਂ ਹੁਣ ਰੀਅਲ ਅਸਟੇਟ ਕੰਪਨੀ ’ਤੇ ਛਾਪਾ
ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਮੋਬਾੲੀਲ ਫੋਨ ਜ਼ਬਤ ਕਰਕੇ ਰਿਕਾਰਡ ਦੀ ਛਾਣਬੀਣ ਕੀਤੀ
ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਅੱਜ ਮੁਹਾਲੀ ’ਚ ਰੀਅਲ ਅਸਟੇਟ ਕੰਪਨੀ ਦੇ ਦਫ਼ਤਰ ’ਤੇ ਛਾਪਾ ਮਾਰਿਆ ਹੈ। ਗਮਾਡਾ ਦਫ਼ਤਰ ’ਤੇ ਛਾਪੇਮਾਰੀ ਮਗਰੋਂ ਹੁਣ ਈ ਡੀ ਦੀ 15 ਮੈਂਬਰੀ ਟੀਮ ਨੇ ਅੱਜ ‘ਟੀ ਡੀ ਆਈ ਇਨਫਰਾਟੈੱਕ ਲਿਮਟਿਡ’ ਦੇ ਸੈਕਟਰ 119 ਵਿਚਲੇ ਦਫ਼ਤਰ ’ਤੇ ਛਾਪਾਮਾਰੀ ਕੀਤੀ। ਸੂਤਰਾਂ ਅਨੁਸਾਰ ਈ ਡੀ ਦੀ ਟੀਮ ਨੇ ਦਫ਼ਤਰ ’ਚ ਮੌਜੂਦ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਫ਼ੌਰੀ ਮੋਬਾਈਲ ਫ਼ੋਨ ਜ਼ਬਤ ਕਰ ਲਏ ਅਤੇ ਰਿਕਾਰਡ ਦੀ ਛਾਣਬੀਣ ਸ਼ੁਰੂ ਕਰ ਦਿੱਤੀ। ਮੁੱਢਲੀ ਪੜਤਾਲ ਮਗਰੋਂ ਕੁਝ ਮੁਲਾਜ਼ਮਾਂ ਦੇ ਮੋਬਾਈਲ ਬਾਅਦ ’ਚ ਵਾਪਸ ਕਰ ਦਿੱਤੇ ਗਏ।
ਇਹ ਮਾਮਲਾ ਜ਼ਮੀਨ ਦੀ ਮੁਆਵਜ਼ਾ ਰਾਸ਼ੀ ਨਾਲ ਜੁੜਿਆ ਹੋਇਆ ਹੈ। ਈ ਡੀ ਨੂੰ ਕੁਝ ਹਫ਼ਤਿਆਂ ਦੌਰਾਨ ਟੀ ਡੀ ਆਈ ਖ਼ਿਲਾਫ਼ ਸ਼ਿਕਾਇਤ ਵੀ ਮਿਲੀ ਸੀ। ਇਸ ਰੀਅਲ ਅਸਟੇਟ ਕੰਪਨੀ ਵੱਲੋਂ ਪੀ ਆਰ-6 ਸੜਕ ਦੇ ਜ਼ਮੀਨੀ ਮੁਆਵਜ਼ੇ ’ਚ ਗੜਬੜ ਕੀਤੀ ਹੈ। ਮਾਸਟਰ ਪਲਾਟ ਦੀ ਜ਼ਮੀਨ ਦਾ ਸੀ ਐੱਲ ਯੂ ਹੋਣ ਉਪਰੰਤ ਇਸ ਕੰਪਨੀ ਨੇ ਆਪਣੇ ਕੁਝ ਰਿਸ਼ਤੇਦਾਰਾਂ ਦੇ ਨਾਮ ’ਤੇ ਜ਼ਮੀਨਾਂ ਕਰਵਾ ਲਈਆਂ ਸਨ ਤਾਂ ਜੋ ਵੱਧ ਮੁਆਵਜ਼ਾ ਹਾਸਲ ਕੀਤਾ ਜਾ ਸਕੇ। ਸੂਤਰਾਂ ਅਨੁਸਾਰ ਇਸ ਜ਼ਮੀਨ ’ਚ ਕਰੀਬ ਛੇ ਕਰੋੜ ਦਾ ਘੁਟਾਲ਼ਾ ਦੱਸਿਆ ਜਾ ਰਿਹਾ ਹੈ। ਇਸ ਕੰਪਨੀ ਦੇ ਮਾਲਕਾਂ ਵੱਲੋਂ ਆਪਣੇ ਰਿਸ਼ਤੇਦਾਰਾਂ ਦੇ ਨਾਮ ’ਤੇ ਰਜਿਸਟਰੀਆਂ ਕਰਾ ਕੇ ਜ਼ਮੀਨ ਦਾ ਵੱਧ ਮੁਆਵਜ਼ਾ ਹਾਸਲ ਕੀਤਾ ਗਿਆ ਸੀ, ਜਿਸ ਦਾ ਰੌਲਾ ਵੀ ਪਹਿਲਾਂ ਪਿਆ ਸੀ। ਬਾਅਦ ਵਿੱਚ ਕੰਪਨੀ ਨੇ ਖ਼ੁਦ ਹੀ ਗਮਾਡਾ ਦਫ਼ਤਰ ਨੂੰ ਪਹੁੰਚ ਕਰਕੇ ਇਹ ਰਜਿਸਟਰੀਆਂ ਰੱਦ ਕਰਨ ਲਈ ਕਿਹਾ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਈ ਡੀ ਨੇ ਇੱਕ ਹੋਰ ਜ਼ਮੀਨੀ ਮਾਮਲੇ ’ਚ ਛਾਪਾ ਮਾਰਿਆ ਹੈ।
ਈ ਡੀ ਨੇ ਇਸ ਮਾਮਲੇ ਬਾਰੇ ਪਹਿਲਾਂ ਗੁਪਤ ਤਰੀਕੇ ਨਾਲ ਪੜਤਾਲ ਆਰੰਭੀ ਹੋਈ ਸੀ। ਪਤਾ ਲੱਗਿਆ ਹੈ ਕਿ ਟੀ ਡੀ ਆਈ ਵੱਲੋਂ ਹਾਈ ਕੋਰਟ ’ਚ ਇੱਕ ਪਟੀਸ਼ਨ ਦਾਇਰ ਕੀਤੇ ਜਾਣ ਨਾਲ ਅਹਿਮ ਸੜਕ ਦੀ ਉਸਾਰੀ ਦਾ ਕੰਮ ਵੀ ਰੁਕਿਆ ਪਿਆ ਹੈ ਅਤੇ ਇਸ ਸੜਕ ਲਈ ਜ਼ਮੀਨ ਐਕੁਆਇਰ ਕਰਨ ’ਤੇ ਪੰਜਾਬ ਸਰਕਾਰ ਕਰੋੜਾਂ ਰੁਪਏ ਖ਼ਰਚ ਕਰ ਚੁੱਕੀ ਹੈ। ਇਸ ਸੜਕ ਦੀ ਉਸਾਰੀ ਰੁਕਣ ਕਰਕੇ ਰਾਹਗੀਰਾਂ ਨੂੰ ਵੀ ਵੱਡੀ ਸਮੱਸਿਆ ਆ ਰਹੀ ਹੈ।

