ਗਲਤ ਲੋਕੇਸ਼ਨ ਦਿਖਾ ਕੇ ਕੱਟਿਆ E-Challan; ਕਾਰ ਮਾਲਕ ਨੇ ਐੱਸਡੀਐੱਮ ਨੂੰ ਦਿੱਤੀ ਸ਼ਿਕਾਇਤ
ਨਿੱਜੀ ਮੋਬਾਈਲ ਨਾਲ ਫੋਟੋ ਖਿੱਚ ਕੇ ਗਲਤ ਥਾਂ ਦੀ ਲੋਕੇਸ਼ਨ ਦਰਜ ਕਰਨ ਦਾ ਦੋਸ਼; ਚਲਾਨ ਰੱਦ ਕਰਨ ਦੀ ਮੰਗ
ਭਿੱਖੀਵਿੰਡ-ਖੇਮਕਰਨ ਰੋਡ ’ਤੇ ਖੜ੍ਹੀ ਵੈਗਨਰ ਕਾਰ ਦੀ ਕਥਿਤ ਤੌਰ ’ਤੇ ਨਿੱਜੀ ਮੋਬਾਈਲ ਫੋਨ ਰਾਹੀਂ ਫੋਟੋ ਖਿੱਚ ਕੇ ਗਲਤ ਲੋਕੇਸ਼ਨ ਦਰਜ ਕਰਦਿਆਂ ਈ-ਚਲਾਨ ਜਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਭਿੱਖੀਵਿੰਡ ਵਾਸੀ ਰਮਨ ਕੁਮਾਰ ਪੁੱਤਰ ਵਿਜੇ ਕੁਮਾਰ ਨੇ ਐੱਸਡੀਐੱਮ ਭਿੱਖੀਵਿੰਡ ਨੂੰ ਲਿਖਤੀ ਸ਼ਿਕਾਇਤ ਦੇ ਕੇ ਚਲਾਨ ਰੱਦ ਕਰਨ ਅਤੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਕਾਰ ਮਾਲਕ ਦਾ ਪੱਖ ਅਤੇ ਦੋਸ਼
ਐੱਸਡੀਐੱਮ ਨੂੰ ਦਿੱਤੀ ਸ਼ਿਕਾਇਤ ਵਿੱਚ ਰਮਨ ਕੁਮਾਰ ਨੇ ਦੱਸਿਆ ਕਿ ਉਸ ਦੀ ਵੈਗਨਰ ਕਾਰ ਸਬੰਧੀ ਈ-ਚਲਾਨ ਜਾਰੀ ਕੀਤਾ ਗਿਆ ਹੈ। ਉਸ ਦਾ ਦੋਸ਼ ਹੈ ਕਿ ਜਿਸ ਸਮੇਂ ਕਾਰ ਦੀ ਫੋਟੋ ਖਿੱਚੀ ਗਈ, ਉਸ ਵੇਲੇ ਕਾਰ ਭਿੱਖੀਵਿੰਡ-ਖੇਮਕਰਨ ਰੋਡ ’ਤੇ ਖੜ੍ਹੀ ਸੀ, ਜਦਕਿ ਈ-ਚਲਾਨ ਵਿੱਚ ਘਟਨਾ ਦੀ ਲੋਕੇਸ਼ਨ ਲਖਣਾ ਦਰਜ ਕੀਤੀ ਗਈ ਹੈ। ਉਸ ਅਨੁਸਾਰ ਉਸ ਸਮੇਂ ਵਾਹਨ ਲਖਣਾ ਤਪਾ ਵਿਖੇ ਮੌਜੂਦ ਨਹੀਂ ਸੀ।
ਨਿੱਜੀ ਮੋਬਾਈਲ ਫੋਨ ਤੋਂ ਫੋਟੋ ਖਿੱਚਣ ’ਤੇ ਸਵਾਲ
ਰਮਨ ਕੁਮਾਰ ਨੇ ਦੋਸ਼ ਲਾਇਆ ਕਿ ਕੱਚਾ ਪੱਕਾ ਥਾਣੇ ਦੀ ਪੁਲੀਸ ਵੱਲੋਂ ਵਾਹਨ ਦੀ ਫੋਟੋ ਨਿੱਜੀ ਮੋਬਾਈਲ ਫੋਨ ਰਾਹੀਂ ਖਿੱਚੀ ਗਈ ਅਤੇ ਇਸ ਫੋਟੋ ਦੇ ਆਧਾਰ ’ਤੇ ਈ-ਚਲਾਨ ਜਾਰੀ ਕੀਤਾ ਗਿਆ। ਉਸ ਨੇ ਪ੍ਰਸ਼ਾਸਨ ਤੋਂ ਇਹ ਵੀ ਜਾਂਚਣ ਦੀ ਮੰਗ ਕੀਤੀ ਹੈ ਕਿ ਨਿੱਜੀ ਮੋਬਾਈਲ ਫੋਨ ਰਾਹੀਂ ਖਿੱਚੀ ਗਈ ਫੋਟੋ ਨੂੰ ਸਰਕਾਰੀ ਈ-ਚਲਾਨ ਦੀ ਕਾਰਵਾਈ ਵਿੱਚ ਵਰਤਣ ਦੀ ਪ੍ਰਕਿਰਿਆ ਨਿਯਮਾਂ ਅਨੁਸਾਰ ਸੀ ਜਾਂ ਨਹੀਂ।
ਐੱਸਡੀਐੱਮ ਦਾ ਬਿਆਨ
ਇਸ ਸਬੰਧੀ ਐੱਸਡੀਐੱਮ ਭਿੱਖੀਵਿੰਡ ਜਗਦੀਪ ਸਿੰਘ ਨੇ ਕਿਹਾ ਕਿ ਈ-ਚਲਾਨ ਸਬੰਧੀ ਪ੍ਰਾਪਤ ਦਰਖਾਸਤ ਦੀ ਜਾਂਚ ਕਰਵਾਈ ਜਾਵੇਗੀ ਅਤੇ ਤੱਥਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

