ਭਾਰੀ ਹੰਗਾਮੇ ਦੌਰਾਨ ਸਪੀਕਰ ਸੰਧਵਾਂ ਦੇ ਘਰ ਅੱਗਿਓਂ ਪੁਲੀਸ ਨੇ ਚੁੱਕਵਾਇਆ ਧਰਨਾ; ਟੈਂਟ ਵੀ ਪੁੱਟਿਆ
200 ਦੇ ਕਰੀਬ ਕਿਸਾਨ ਲਏ ਹਿਰਾਸਤ ਵਿੱਚ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਰਿਹਾਇਸ਼ ਅੱਗੇ ਪਿੰਡ ਸੰਧਵਾਂ ਵਿੱਚ ਪਿਛਲੇ 8 ਦਿਨਾਂ ਤੋਂ ਚੱਲ ਰਿਹਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਧਰਨਾ ਅੱਜ ਪੁਲੀਸ ਨੇ ਭਾਰੀ ਬਲ ਪ੍ਰਯੋਗ ਕਰਦਿਆਂ ਚੁੱਕਵਾ ਦਿੱਤਾ ਹੈ। ਇਸ ਦੌਰਾਨ ਕਿਸਾਨਾਂ ਅਤੇ ਪੁਲੀਸ ਵਿਚਕਾਰ ਧੱਕਾ-ਮੁੱਕੀ ਵੀ ਹੋਈ ਹੈ। ਪੁਲੀਸ 200 ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁਲੀਸ ਲਾਈਨ ਵਿੱਚ ਲੈ ਗਈ ਹੈ ਅਤੇ ਸੰਧਵਾਂ ਵਿਖੇ ਕਿਸਾਨਾਂ ਵੱਲੋਂ ਲਾਏ ਟੈਂਟ ਪੁੱਟ ਦਿੱਤੇ ਗਏ ਹਨ।
ਸ਼ੁੱਕਰਵਾਰ ਸਵੇਰੇ ਭਾਰੀ ਪੁਲੀਸ ਬਲ ਪੀ ਆਰ ਟੀ ਸੀ (PRTC) ਦੀਆਂ ਬੱਸਾਂ ਲੈ ਕੇ ਪਹੁੰਚਿਆ ਅਤੇ ਕਿਸਾਨਾਂ ਨੂੰ ਜ਼ਬਰੀ ਬੱਸਾਂ ਵਿੱਚ ਬਿਠਾ ਲਿਆ। ਇਸ ਦੌਰਾਨ ਭਾਰੀ ਹੰਗਾਮਾ, ਨਾਅਰੇਬਾਜ਼ੀ ਅਤੇ ਧੱਕਾ-ਮੁੱਕੀ ਵੀ ਹੋਈ।
ਕਿਸਾਨ ਆਗੂ ਮੰਗ ਕਰ ਰਹੇ ਸਨ ਕਿ ਕਰਜ਼ੇ ਕਾਰਨ ਪਿੰਡ ਹਰੀ ਨੌਂ ਦੇ ਆਤਮ-ਹੱਤਿਆ ਕਰ ਗਏ ਕਿਸਾਨਾਂ ਦੇ ਪਰਿਵਾਰ ਨਾਲ ਸਪੀਕਰ ਸੰਧਵਾਂ ਵੱਲੋਂ ਕੀਤਾ ਵਾਅਦਾ ਪੂਰਾ ਕੀਤਾ ਜਾਵੇ। ਇਸ ਤੋਂ ਇਲਾਵਾ ਖੇਤੀਬਾੜੀ ਸਹਿਕਾਰੀ ਬੈਂਕ ਸਮੇਤ ਬਾਕੀ ਬੈਂਕਾਂ ਵਿੱਚ ਕਿਸਾਨਾਂ ਦੇ ਖਾਲੀ ਪਏ ਚੈੱਕ ਵਾਪਸ ਕਰਵਾਏ ਜਾਣ ਅਤੇ ਖਨੌਰੀ ਤੇ ਸ਼ੰਭੂ ਬਾਰਡਰਾਂ ਤੋਂ ਚੋਰੀ ਹੋਏ ਕਿਸਾਨਾਂ ਦੇ ਸਮਾਨ ਦਾ ਮੁਆਵਜ਼ਾ ਦਿੱਤਾ ਜਾਵੇ।
ਹਾਲਾਂਕਿ 9 ਅਗਸਤ ਨੂੰ ਕਿਸਾਨਾਂ ਦੀ ਸਪੀਕਰ ਸੰਧਵਾਂ ਨਾਲ ਮੀਟਿੰਗ ਵੀ ਹੋਈ ਸੀ ਅਤੇ ਸਪੀਕਰ ਨੇ ਦੱਸਿਆ ਸੀ ਕਿ ਸਰਕਾਰ ਨੇ ਵਾਅਦੇ ਅਨੁਸਾਰ ਹਰੀ ਨੌ ਦੇ ਪੀੜਤ ਪਰਿਵਾਰ ਨੂੰ ਆਰਥਿਕ ਸਹਾਇਤਾ ਪਹਿਲਾਂ ਹੀ ਦੇ ਦਿੱਤੀ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ ਲਈ ਸਰਕਾਰ ਨੂੰ ਲਿਖਿਆ ਹੋਇਆ ਹੈ।
ਉੱਥੇ ਹੀ ਕਿਸਾਨ ਆਗੂ ਜਸਵੀਰ ਸਿੰਘ ਰੁਪਈਆਂਵਾਲਾ ਅਤੇ ਨਾਇਬ ਸਿੰਘ ਨੇ ਪੁਲੀਸ ਦੀ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੰਗਾਂ ਮੰਨਣ ਦੀ ਬਜਾਏ ਹਰ ਵਾਰ ਕਿਸਾਨਾਂ ਨੂੰ ਦਬਾਇਆ ਜਾ ਰਿਹਾ ਹੈ ਅਤੇ ਹੁਣ ਵੀ 200 ਤੋਂ ਵੱਧ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਰੱਖਿਆ ਹੋਇਆ ਹੈ। ਹਿਰਾਸਤ ਵਿੱਚ ਲਏ ਗਏ ਕਿਸਾਨਾਂ ਬਾਰੇ ਪੁਲੀਸ ਅਧਿਕਾਰੀ ਕੁਝ ਵੀ ਕਹਿਣ ਤੋਂ ਅਸਮਰੱਥਾ ਜ਼ਾਹਿਰ ਕਰ ਰਹੇ ਹਨ।

