ਆਤਿਸ਼ ਗੁਪਤਾ
ਚੰਡੀਗੜ੍ਹ, 17 ਸਤੰਬਰ
ਪੰਜਾਬ ਵਿੱਚ ਪਿਛਲੇ 48 ਘੰਟਿਆਂ ਤੋਂ ਪੈ ਰਹੇ ਟੁੱਟਵੇਂ ਮੀਂਹ ਕਰਕੇ ਸੂਬੇ ਭਰ ’ਚ ਮੌਸਮ ਖੁਸ਼ਗਵਾਰ ਹੋ ਗਿਆ ਹੈ। ਮੀਂਹ ਕਰਕੇ ਤਾਪਮਾਨ ਵੀ ਆਮ ਨਾਲੋਂ ਤਿੰਨ ਤੋਂ ਪੰਜ ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ ਹੈ, ਜਿਸ ਸਦਕਾ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਅੱਜ ਤੜਕੇ 4.30 ਵਜੇ ਤੋਂ ਸ਼ੁਰੂ ਹੋਇਆ ਮੀਂਹ ਬਾਅਦ ਦੁਪਹਿਰ ਤੱਕ ਰੁਕ-ਰੁਕ ਕੇ ਪੈਂਦਾ ਰਿਹਾ। ਮੀਂਹ ਕਰਕੇ ਰਾਹਗੀਰਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਨੇ 18 ਸਤੰਬਰ ਨੂੰ ਵੀ ਸੂਬੇ ਦੇ ਕੁਝ ਇਲਾਕਿਆਂ ਵਿੱਚ ਟੁੱਟਵਾਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਸੂਬੇ ਵਿੱਚ ਟੁੱਟਵਾਂ ਮੀਂਹ ਪੈਣ ਕਰਕੇ ਤਾਪਮਾਨ ਵਿੱਚ ਤਿੰਨ ਤੋਂ ਪੰਜ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਇਸ ਨਾਲ ਪਾਵਰਕੌਮ ਨੇ ਵੀ ਸੁੱਖ ਦਾ ਸਾਹ ਲਿਆ ਹੈ। ਸੂਬੇ ਵਿੱਚ ਬਿਜਲੀ ਦੀ ਮੰਗ ਪਿਛਲੇ ਦਿਨਾਂ ਦੇ ਮੁਕਾਬਲੇ ਕਾਫੀ ਘੱਟ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪਿਛਲੇ ਦਿਨੀਂ ਬਿਜਲੀ ਦੀ ਮੰਗ 14500 ਮੈਗਾਵਾਟ ’ਤੇ ਪਹੁੰਚ ਗਈ ਸੀ, ਜੋ ਕਿ ਅੱਜ ਦੁਪਹਿਰ ਨੂੰ 8 ਤੋਂ 9 ਹਜ਼ਾਰ ਮੈਗਾਵਾਟ ਦੇ ਵਿਚਕਾਰ ਦਰਜ ਕੀਤੀ ਗਈ, ਜਦਕਿ ਸ਼ਾਮ 6 ਵਜੇ ਦੇ ਕਰੀਬ ਇਹ 7200 ਮੈਗਾਵਾਟ ਤੱਕ ਆ ਗਈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 31 ਐੱਮਐੱਮ ਮੀਂਹ ਪਿਆ ਹੈ। ਮੌਸਮ ਵਿਗਿਆਨੀਆਂ ਅਨੁਸਾਰ ਅੱਜ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ 18 ਐੱਮਐੱਮ, ਲੁਧਿਆਣਾ ’ਚ 12 ਐੱਮਐੱਮ, ਪਟਿਆਲਾ ’ਚ 19 ਐੱਮਐੱਮ, ਗੁਰਦਾਸਪੁਰ ’ਚ 7.5 ਐੱਮਐੱਮ, ਮੁਹਾਲੀ ’ਚ 18.5 ਐੱਮਐੱਮ, ਰੋਪੜ ’ਚ 10 ਐੱਮਐੱਮ, ਨਵਾਂ ਸ਼ਹਿਰ ’ਚ 3 ਐੱਮਐੱਮ ਅਤੇ ਸ੍ਰੀ ਮੁਕਤਸਰ ਸਾਹਿਬ ’ਚ ਇਕ ਐੱਮਐੱਮ ਮੀਂਹ ਪਿਆ।
ਅਸਮਾਨੀ ਬਿਜਲੀ ਡਿੱਗਣ ਕਾਰਨ ਦੋ ਪਸ਼ੂ ਮਰੇ
ਦਿੜ੍ਹਬਾ ਮੰਡੀ (ਪੱਤਰ ਪ੍ਰੇਰਕ): ਅਸਮਾਨੀ ਬਿਜਲੀ ਡਿੱਗਣ ਕਾਰਨ ਇੱਥੋਂ ਥੋੜ੍ਹੀ ਦੂਰ ਪਿੰਡ ਰਟੋਲਾਂ ਦੇ ਕਿਸਾਨ ਦੇ ਦੋ ਪਸ਼ੂਆਂ ਗਾਂ ਅਤੇ ਬਲਦ ਦੀ ਮੌਤ ਹੋ ਗਈ ਹੈ ਜਦ ਕਿ ਇੱਕ ਹੋਰ ਘਰ ਦੀ ਛੱਤ ਨੁਕਸਾਨੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਪਿੰਡ ਵਿੱਚ ਤਿੰਨ ਵੱਖ-ਵੱਖ ਥਾਵਾਂ ’ਤੇ ਬਿਜਲੀ ਡਿੱਗੀ। ਇਸ ਦੌਰਾਨ ਕਿਸਾਨ ਧਿਆਨ ਸਿੰਘ ਦੇ ਦੋ ਪਸ਼ੂ ਮਾਰੇ ਗਏ। ਦੂਜੇ ਹਾਦਸੇ ਵਿੱਚ ਘਰ ਦੀ ਛੱਤ ਡਿੱਗ ਗਈ ਅਤੇ ਤੀਜੇ ਹਾਦਸੇ ਵਿੱਚ ਚਾਰ ਪੱਖੇ ਤੇ ਇੱਕ ਇਨਵਰਟਰ ਸੜ ਗਿਆ।