ਨਸ਼ਿਆਂ ਨੇ ਪਰਿਵਾਰ ਨੂੰ ਕੰਗਾਲ ਬਣਾਇਆ

ਨਸ਼ਿਆਂ ਨੇ ਪਰਿਵਾਰ ਨੂੰ ਕੰਗਾਲ ਬਣਾਇਆ

ਪਿੰਡ ਸਭਰਾ ’ਚ ਜਸਬੀਰ ਸਿੰਘ ਦੀ ਮਾਤਾ, ਛੋਟਾ ਭਰਾ ਅਤੇ ਦੋਵੇਂ ਭੈਣਾਂ।

ਪਿਛਲੇ ਢਾਈ ਦਹਾਕਿਆਂ ਵਿਚ ਪੰਜਾਬ ਵਿਚ ਨਸ਼ਿਆਂ ਦਾ ਫੈਲਾਓ ਬੜੀ ਤੇਜ਼ੀ ਨਾਲ ਹੋਇਆ ਹੈ। ਨਸ਼ਾ ਕਰਦਿਆਂ ਮਨੁੱਖ ਆਪਣੇ ਆਪ ਨਾਲ ਹਿੰਸਾ ਕਰਦਾ ਹੈ। ਉਹ ਆਪਣਾ ਕਾਤਲ ਖ਼ੁਦ ਬਣਦਿਆਂ ਆਪਣੇ ਆਪ ਨੂੰ ਸੂਲ਼ੀ ’ਤੇ ਟੰਗਦਾ ਹੈ। ਵਰ੍ਹਿਆਂ ਤੋਂ ਪੰਜਾਬ ਦੀ ਜਵਾਨੀ ਸੂਲ਼ੀ ’ਤੇ ਟੰਗੀ ਹੋਈ ਹੈ। ਸਰਕਾਰਾਂ ਨੇ ਬਹੁਤ ਦਾਅਵੇ ਕੀਤੇ ਕਿ ਉਹ ਪੰਜਾਬ ਵਿਚ ਨਸ਼ਿਆਂ ਦਾ ਫੈਲਾਓ ਰੋਕਣਗੇ ਪਰ ਇਸ ਵਿਚ ਕਾਮਯਾਬੀ ਨਹੀਂ ਮਿਲੀ। ਇਸ ਸਬੰਧ ਵਿਚ ਪੰਜਾਬੀ ਸਮਾਜ ਵੀ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਨਹੀਂ ਹੋ ਸਕਦਾ। ਕੁਝ ਮਹੀਨੇ ਪਹਿਲਾਂ ਪੰਜਾਬੀ ਟ੍ਰਿਬਿਊਨ ਨੇ ਨਸ਼ਾ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤਕ ਪਹੁੰਚ ਕਰਨੀ ਸ਼ੁਰੂ ਕੀਤੀ ਸੀ। ਕਰੋਨਾਵਾਇਰਸ ਦੀ ਮਹਾਮਾਰੀ ਦਾ ਸੰਕਟ ਸ਼ੁਰੂ ਹੋਣ ਕਾਰਨ ਉਨ੍ਹਾਂ ਪਰਿਵਾਰਾਂ ਦੀਆਂ ਬਾਤਾਂ ਅਸੀਂ ਲੋਕਾਂ ਤਕ ਨਹੀਂ ਪਹੁੰਚਾ ਸਕੇ। ਉਮੀਦ ਸੀ ਕਿ ਕਰੋਨਾਵਾਇਰਸ ਦੌਰਾਨ ਹੋ ਰਹੀ ਸਖ਼ਤੀ ਕਾਰਨ ਨਸ਼ਿਆਂ ਦਾ ਫੈਲਾਓ ਕੁਝ ਘੱਟ ਜਾਵੇਗਾ ਪਰ ਪਿਛਲੇ ਦਿਨਾਂ ਵਿਚ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਅਤੇ ਵੱਧ ਰਹੀ ਹਿੰਸਾ ਦੱਸਦੇ ਹਨ ਕਿ ਅਸੀਂ ਨਸ਼ਿਆਂ ਦਾ ਫੈਲਾਓ ਰੋਕਣ ਵਿਚ ਅਸਫ਼ਲ ਰਹੇ ਹਾਂ।

ਹਮੀਰ ਸਿੰਘ
ਸਭਰਾ (ਪੱਟੀ), 5 ਜੁਲਾਈ

ਨਸ਼ਿਆਂ ਨੇ ਇਥੋਂ ਦੇ ਪਰਿਵਾਰ ਨੂੰ ਕੰਗਾਲ ਬਣਾ ਦਿੱਤਾ ਹੈ। ਪੁੱਤ ਦੇ ਨਸ਼ਾ ਕਰਨ ਤੋਂ ਬਾਅਦ ਪਿਤਾ ਵੀ ਚੱਲ ਵੱਸਿਆ। ਛੋਟਾ ਭਰਾ ਕੁੱਝ ਕਰਨ ਦੇ ਲਾਇਕ ਨਹੀਂ ਹੈ ਅਤੇ ਘਰ ਬੈਠੀਆਂ ਦੋ ਮੰਦਬੁੱਧੀ ਜਵਾਨ ਧੀਆਂ ਦੇ ਭਵਿੱਖ ਨੂੰ ਦੇਖ ਕੇ ਬੁੱਢੀ ਮਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਨਹੀਂ ਰੁਕਦੇ। ਇਹ ਕਹਾਣੀ ਨਸ਼ੇ ਦੀ ਓਵਰਡੋਜ਼ ਨਾਲ ਰੱਬ ਨੂੰ ਪਿਆਰੇ ਹੋ ਚੁੱਕੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਸਭਰਾ ਦੇ ਨੌਜਵਾਨ ਦੇ ਪਰਿਵਾਰ ਦੀ ਹੈ।

ਇਸ ਨੌਜਵਾਨ ਦੀ ਕਹਾਣੀ ਉਸੇ ਸਭਰਾ (ਸਭਰਾਓ) ਪਿੰਡ ਨਾਲ ਸਬੰਧਤ ਹੈ ਜਿੱਥੇ 10 ਫਰਵਰੀ 1846 ਨੂੰ ਐਂਗਲੋ-ਸਿੱਖ ਜੰਗ ਦੌਰਾਨ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਦੀ ਸ਼ਹਾਦਤ ਹੋਈ ਸੀ। ਅਜਿਹੀ ਸੂਰਬੀਰਾਂ ਦੀ ਧਰਤੀ ਦੇ ਜਾਏ ਹੁਣ ਆਪਣੇ ਅੰਦਰੂਨੀ ਦੁਸ਼ਮਣਾਂ ਨਾਲ ਸਿੰਘਾਂ ਵਰਗੀ ਬਹਾਦਰੀ ਨਾਲ ਲੜਨ ਦੇ ਬਜਾਏ ਬਿਨਾਂ ਲੜੇ ਹੀ ਹਥਿਆਰ ਸੁੱਟਦੇ ਦਿਖਾਈ ਦੇ ਰਹੇ ਹਨ। ਇਥੋਂ ਦਾ ਨੌਜਵਾਨ ਜਸਵੀਰ ਸਿੰਘ ਇਸ ਸਾਲ 29 ਫਰਵਰੀ ਨੂੰ ਮਹਿਜ਼ 28 ਸਾਲ ਦੀ ਉਮਰ ਵਿੱਚ ਹੀ ਚਿੱਟੇ ਦੇ ਟੀਕੇ ਦੀ ਓਵਰਡੋਜ਼ ਨਾਲ ਰੱਬ ਨੂੰ ਪਿਆਰ ਹੋ ਗਿਆ।

ਗੁਰਬਤ ਵਿੱਚ ਜ਼ਿੰਦਗੀ ਗੁਜ਼ਾਰ ਰਹੀ ਬੁੱਢੀ ਮਾਂ ਹਰਜਿੰਦਰ ਕੌਰ ਦੱਸਦੀ ਹੈ ਕਿ ਜਸਬੀਰ ਵੀਹ ਕੁ ਸਾਲਾਂ ਦਾ ਹੋਇਆ ਸੀ ਕਿ ਦੋਸਤਾਂ-ਮਿੱਤਰਾਂ ਦੀਆਂ ਢਾਣੀਆਂ ਵਿੱਚ ਬੈਠਦਿਆਂ ਹੀ ਨਸ਼ੇ ਦੀ ਲੱਤ ਲੱਗ ਗਈ। ਸ਼ੁਰੂਆਤੀ ਦੌਰ ਵਿੱਚ ਸੱਭਰਾ ਵਾਲਾ ਮੋੜ ਤੋਂ ਹੀ ਗੋਲੀਆਂ ਲੈ ਆਉਂਦਾ ਸੀ। ਪਰਿਵਾਰ ਨੂੰ ਨਸ਼ੇ ਦੀਆਂ ਬਾਰੀਕੀਆਂ ਦੀ ਜ਼ਿਆਦਾ ਸਮਝ ਨਹੀਂ ਪਰ ਲੋਕਾਂ ਦੇ ਕਹਿਣ ਮੁਤਾਬਿਕ ਉਹ ਪਿੱਛੋਂ ਸਮੈਕ ਅਤੇ ਚਿੱਟੇ ਤੱਕ ਪਹੁੰਚ ਗਿਆ। ਫਿਰ ਤਾਂ ਪਰਿਵਾਰ ਦੀ ਪ੍ਰਵਾਹ ਹੀ ਨਹੀਂ ਕਰਦਾ ਸੀ ਤੇ ਸਭ ਦੇ ਸਾਹਮਣੇ ਨਸ਼ਾ ਲੈਂਦਾ ਰਿਹਾ। ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਦਾਖ਼ਲ ਨਹੀਂ ਕੀਤਾ। ਉਨ੍ਹਾਂ ਆਪਣੀ ਜ਼ਮੀਨ ਦੇ ਦੋ ਕਿੱਲੇ ਵੀ ਗਹਿਣੇ ਰੱਖ ਦਿੱਤੇ। ਨਸ਼ੇ ਦੇ ਰਾਹ ਹੀ ਜਸਬੀਰ ਨੇ ਮੱਝਾਂ, ਇੰਜਣ ਤੇ ਘਰ ਦਾ ਜਿਹੜਾ ਵੀ ਵਿਕਣ ਯੋਗ ਸਾਮਾਨ ਸੀ ਉਹ ਵੇਚ ਦਿੱਤਾ। ਉਸ ਨੇ ਨਵਾਂ ਮੋਟਰਸਾਈਕਲ ਲਿਆ ਪਰ ਉਹ ਵੀ ਕਿਸੇ ਨੂੰ ਨਸ਼ਾ ਲੈਣ ਲਈ ਵੇਚ ਆਇਆ।

ਸੁਰਜੀਤ ਸਿੰਘ ਨੂੰ ਆਪਣੇ ਪੁੱਤਰ ਜਸਬੀਰ ਦੇ ਨਸ਼ੇ ਕਰਨ ਦਾ ਅਜਿਹਾ ਝੋਰਾ ਲੱਗਾ ਕਿ ਉਹ ਦਿਲ ਦਾ ਦੌਰਾ ਪੈਣ ਨਾਲ ਚੱਲ ਵੱਸਿਆ। ਇਸ ਤੋਂ ਬਾਅਦ ਤਾਂ ਜਸਬੀਰ ਨੂੰ ਖੁੱਲ੍ਹ ਮਿਲ ਗਈ ਤੇ ਉਹ ਘਰ ਦਾ ਸਾਮਾਨ ਜਬਰਦਸਤੀ ਵੇਚਣ ਲੱਗਾ। ਪਰਿਵਾਰ ਦੀ ਕੁੱਲ ਸਾਢੇ ਪੰਜ ਏਕੜ ਜ਼ਮੀਨ ਵਿੱਚੋਂ ਆਰਥਿਕ ਤੰਗੀ ਕਰਕੇ ਕੁੱਝ ਪਹਿਲਾਂ ਹੀ ਵਿਕ ਗਈ ਸੀ ਅਤੇ ਮਾਂ ਦੇ ਨਾਮ ਵਾਲਾ ਇੱਕ ਏਕੜ ਜਸਬੀਰ ਬਿਨਾਂ ਦੱਸੇ ਹੀ 14 ਲੱਖ ਦੀ ਵੇਚ ਆਇਆ। ਫਿਰ ਵੀ ਕਰਜ਼ਾ ਨਹੀਂ ਉਤਾਰਿਆ। ਦੋ ਭੈਣਾਂ ਅਤੇ ਦੋ ਭਰਾਵਾਂ ਵਾਲੇ ਇਸ ਪਰਿਵਾਰ ਵਿੱਚ ਜਸਬੀਰ ਤੋਂ ਛੋਟੀ ਸਰਬਜੀਤ ਕੌਰ ਅਤੇ ਛੋਟੇ ਭਰਾ ਸੁਖਵੰਤ ਤੋਂ ਛੋਟੀ ਸੁਖਵਿੰਦਰ ਕੌਰ ਹਨ ਪਰ ਦੋਵੇਂ ਕੁੜੀਆਂ ਦਾ ਦਿਮਾਗ ਪੂਰੀ ਤਰ੍ਹਾਂ ਵਿਕਸਤ ਨਹੀਂ ਹੋਇਆ। ਮਾਤਾ ਨੇ ਦੱਸਿਆ ਕਿ ਉਸ ਦੀਆਂ ਲੜਕੀਆਂ ਨੂੰ ਕੋਈ ਸੁਰਤ ਹੀ ਨਹੀਂ ਰਹਿੰਦੀ ਤੇ ਉਹ ਹੀ ਉਨ੍ਹਾਂ ਦੀ ਦੇਖਭਾਲ ਕਰਦੀ ਹੈ। ਉਹ ਦੱਸਦੀ ਹੈ ਕਿ ਉਨ੍ਹਾਂ ਕੋਲ ਨਾ ਹੀ ਜ਼ਮੀਨ ਬਚੀ ਹੈ ਤੇ ਨਾ ਹੀ ਗੁਜ਼ਾਰੇ ਦਾ ਕੋਈ ਸਾਧਨ ਹੈ। ਮਾਂ ਨੂੰ ਸਭ ਤੋਂ ਵੱਧ ਚਿੰਤਾ ਆਪਣੇ ਚਲੇ ਜਾਣ ਤੋਂ ਬਾਅਦ ਦੋਵਾਂ ਬੇਟੀਆਂ ਦੀ ਹੈ ਜੋ ਆਪਣਾ ਖਿਆਲ ਖੁਦ ਰੱਖਣ ਦੇ ਯੋਗ ਨਹੀਂ ਹਨ।

ਪਹਿਲਾਂ ਹੀ ਵਿੱਤੀ ਸੰਕਟ ਨਾਲ ਜੂਝ ਰਹੇ ਪਰਿਵਾਰ ਉੱਤੇ ਤਾਲਾਬੰਦੀ ਦੌਰਾਨ ਇੱਕ ਹੋਰ ਸੰਕਟ ਆ ਪਿਆ। ਛੋਟੇ ਮੁੰਡੇ ਜਸਵੰਤ ਸਿੰਘ ਗੋਰੇ ਦਾ ਐਕਸੀਡੈਂਟ ਹੋ ਗਿਆ। ਉਸ ਦੇ ਚਾਚੇ ਦੇ ਬੇਟੇ ਸਵਿੰਦਰ ਸਿੰਘ ਨੇ ਦੱਸਿਆ ਕਿ ਐਕਸੀਡੈਂਟ ਨਾਲ ਜਬਾੜਾ ਟੁੱਟ ਗਿਆ, ਕਰੀਬ ਇੱਕ ਮਹੀਨਾ ਹਸਪਤਾਲ ਦਾਖਲ ਰਿਹਾ ਅਤੇ ਲਗਪਗ 1.20 ਲੱਖ ਰੁਪਏ ਇਲਾਜ ਉੱਤੇ ਖਰਚ ਹੋ ਗਏ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All