ਹਮੀਰ ਸਿੰਘ
ਪੱਟੀ (ਤਰਨ ਤਾਰਨ), 30 ਜੂਨ
ਤਰਨ ਤਾਰਨ ਜ਼ਿਲ੍ਹੇ ਦੇ ਸ਼ਹਿਰ ਪੱਟੀ ਵਿੱਚ ਵਿਆਹੀ ਬਲਜੀਤ ਕੌਰ ਨਸ਼ੇ ਦੀ ਮਾਰ ਕਾਰਨ ਦੋ ਵਾਰ ਵਿਧਵਾ ਹੋ ਚੁੱਕੀ ਹੈ। ਉਸ ਨੂੰ ਇਹ ਥਾਂ ਆਪਣੇ ਜੀਵਨ ਦੀ ਬਰਬਾਦੀ ਵਾਲੀ ਥਾਂ ਲਗਦੀ ਹੈ ਪਰ ਕਰੋਨਾਵਾਇਰਸ ਕਰਕੇ ਉਸ ਦੇ ਵਿਕਣ ਲਾਏ ਘਰ ਦਾ ਕੋਈ ਗਾਹਕ ਨਹੀਂ ਆ ਰਿਹਾ। ਉਸ ਨੇ ਗੁਜ਼ਾਰੇ ਲਈ ਬੁਟੀਕ ਦਾ ਕੰਮ ਸ਼ੁਰੂ ਕੀਤਾ ਸੀ ਤੇ ਇਸ ਵਿਚੋਂ ਕੀਤੀ ਮਾਮੂਲੀ ਬੱਚਤ ਵੀ ਤਾਲਾਬੰਦੀ ਦੀ ਭੇਟ ਚੜ੍ਹ ਗਈ ਹੈ। ਹੁਣ ਉਹ ਗੋਦ ਲਈ ਸੱਤਵੀਂ ਵਿੱਚ ਪੜ੍ਹਦੀ ਬੱਚੀ ਨਾਲ ਇੱਕ ਕਮਰੇ ਦੇ ਮਕਾਨ ਵਿੱਚ ਰਹਿ ਰਹੀ ਹੈ।
ਮੋਗਾ ਜ਼ਿਲ੍ਹੇ ਦੇ ਧਰਮਕੋਟ ਇਲਾਕੇ ਦੀ ਬਲਜੀਤ ਦੀ ਮੰਗਣੀ 17ਵੇਂ ਸਾਲ ਵਿੱਚ ਹੀ ਪੱਟੀ ਦੇ ਮੇਜਰ ਸਿੰਘ ਨਾਲ ਹੋਈ ਸੀ। ਸਹੁਰੇ ਘਰ ਪੈਰ ਪਾਉਂਦਿਆਂ ਹੀ ਉਸ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ ਜਦੋਂ ਪਹਿਲੇ ਹੀ ਦਿਨ ਪਤਾ ਲੱਗਾ ਕਿ ਜਿਸ ਨੌਜਵਾਨ ਨਾਲ ਉਸ ਦੀ ਜ਼ਿੰਦਗੀ ਦੀ ਡੋਰ ਜੁੜੀ ਹੈ ਉਹ ਨਸ਼ੇੜੀ ਹੈ। ਵਿਆਹ ਤੋਂ ਛੇ ਮਹੀਨਿਆਂ ਦੌਰਾਨ ਹੀ ਨਸ਼ੇ ਨੇ ਮੇਜਰ ਸਿੰਘ ਦੀ ਜਾਨ ਲੈ ਲਈ। ਬਲਜੀਤ ਕੌਰ ਨੂੰ ਦਿਓਰ ਜਸਵੰਤ ਸਿੰਘ ਜੱਸੇ ਦੇ ਲੜ ਲਗਾ ਦਿੱਤਾ ਜਿਸ ਨੇ ਬੀਏ ਕੀਤੀ ਹੋਈ ਸੀ। ਉਹ ਕੁੱਝ ਦੇਰ ਨਿੱਜੀ ਸਕੂਲ ਵਿੱਚ ਪੜ੍ਹਾਉਂਦਾ ਰਿਹਾ ਤੇ ਫਿਰ ਕਬਾੜ ਦੀ ਦੁਕਾਨ ਖੋਲ੍ਹ ਲਈ। ਇਥੋਂ ਹੀ ਉਸ ਨੂੰ ਸਮੈਕ ਵਰਗੇ ਮਾਰੂ ਨਸ਼ੇ ਦੀ ਲਤ ਲੱਗ ਗਈ। ਬਲਜੀਤ ਕਹਿੰਦੀ ਹੈ ਕਿ ਨਸ਼ੇ ਦੀ ਲੜੀ ਨੰਬਰ 1 ਪੂਰੀ ਕਰਨ ਲਈ ਜਸਵੰਤ ਨੇ ਉਸ ਦੀਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਸੇ ਦੌਰਾਨ ਬਲਜੀਤ ਨੇ ਹਿੰਮਤ ਨਹੀਂ ਹਾਰੀ ਤੇ ਰੋਜ਼ੀ ਰੋਟੀ ਲਈ ਬੁਟੀਕ ਦਾ ਕੰਮ ਸ਼ੁਰੂ ਕਰ ਲਿਆ ਅਤੇ ਭਵਿੱਖੀ ਜੀਵਨ ਲਈ ਸਾਲ 2006 ਵਿੱਚ ਆਪਣੀ ਭਤੀਜੀ ਗੋਦ ਲੈ ਲਈ ਜੋ ਹੁਣ ਸੱਤਵੀਂ ਜਮਾਤ ਵਿੱਚ ਪੜ੍ਹਦੀ ਹੈ। ਬਲਜੀਤ ਕੌਰ ਕਹਿੰਦੀ ਹੈ ਕਿ ਉਸ ਨੂੰ ਬੱਚੇ ਦੀ ਉਮੀਦ ਨਹੀਂ ਸੀ। ਉਸ ਦੀ ਮਿਹਨਤ ਰੰਗ ਲਿਆਈ ਅਤੇ ਬੁਟੀਕ ਦਾ ਕੰਮ ਠੀਕ ਚੱਲਣ ਲੱਗਾ। ਉਸ ਨੇ ਕਈ ਹੋਰ ਲੜਕੀਆਂ ਨੂੰ ਵੀ ਰੁਜ਼ਗਾਰ ਦੇਣਾ ਸ਼ੁਰੂ ਕਰ ਦਿੱਤਾ ਸੀ ਪਰ ਜੱਸਾ ਕੁੱਟਮਾਰ ਕਰਕੇ ਉਸ ਵੱਲੋਂ ਕੀਤੀ ਕਮਾਈ ਵੀ ਲੈ ਜਾਂਦਾ ਰਿਹਾ। ਉਸ ਨੇ ਮਸ਼ੀਨਾਂ ਤੋੜ ਦਿੱਤੀਆਂ ਅਤੇ ਘਰੇਲੂ ਸਾਮਾਨ ਖਰਾਬ ਕਰ ਦਿੱਤਾ। ਬਲਜੀਤ ਨੇ ਜੱਸੇ ਨੂੰ ਪੰਜ ਮਹੀਨੇ ਅੰਮ੍ਰਿਤਸਰ ਹਸਪਤਾਲ ਵਿੱਚ ਵੀ ਨਸ਼ਾ ਛੁਡਾਉਣ ਲਈ ਭਰਤੀ ਰੱਖਿਆ ਪਰ ਉਸ ਨੇ ਸਾਲ 2018 ਵਿੱਚ ਪ੍ਰਾਣ ਤਿਆਗ ਦਿੱਤੇ।
ਉਸ ਦੇ ਸਹੁਰੇ ਦੇ ਤਿੰਨ ਲੜਕੇ ਸਨ। ਤਿੰਨੋਂ ਇਸ ਜਹਾਨੋਂ ਕੂਚ ਕਰ ਚੁੱਕੇ ਹਨ। ਇੱਕ ਸੜਕ ਦੁਰਘਟਨਾ ਵਿੱਚ ਚੱਲ ਵਸਿਆ ਅਤੇ ਦੋ ਨਸ਼ਿਆਂ ਨੇ ਖਾ ਲਏ। ਉਸ ਦੇ ਸਹੁਰੇ ਦਾ ਜਿਗਰ ਖ਼ਰਾਬ ਹੋ ਗਿਆ ਸੀ ਤੇ ਉਸ ਦੀ 11 ਮਰਲੇ ਜ਼ਮੀਨ ਵਿੱਚੋਂ ਕੁੱਝ ਵੇਚਣੀ ਪੈ ਗਈ। ਸਹੁਰੇ ਦੇ ਜਾਣ ਪਿੱਛੋਂ ਸੱਸ ਵੀ ਮੰਜੇ ਉੱਤੇ ਪੈ ਗਈ। ਉਸ ਨੂੰ ਦਿਲ ਦੇ ਰੋਗ ਨੇ ਘੇਰ ਲਿਆ। ਸਾਰੀ ਜ਼ਮੀਨ ਵਿੱਚੋਂ ਬਲਜੀਤ ਕੋਲ ਕੇਵਲ ਚਾਰ-ਪੰਜ ਮਰਲੇ ਜਗ੍ਹਾ ਬਚੀ ਹੈ। ਉਹ ਕਹਿੰਦੀ ਹੈ ਕਿ ਉਸ ਨੂੰ ਕਦੇ ਕਿਸੇ ਦਾ ਸਾਥ ਨਹੀਂ ਮਿਲਿਆ।
ਉਸ ਨੂੰ ਗਿਲਾ ਹੈ ਕਿ ਸਰਕਾਰਾਂ ਨਸ਼ੇ ਰੋਕਣ ਦੇ ਖੇਖਣ ਕਰਦੀਆਂ ਹਨ। ਧਾਰੋਵਾਲ ਬਸਤੀ ਵਿੱਚ ਨਸ਼ਾ ਖੂਬ ਵਿਕਦਾ ਹੈ। ਉਸ ਨੇ ਕਿਹਾ ਕਿ ਇਹ ਮੁਹੱਲਾ ਰਹਿਣ ਯੋਗ ਨਹੀਂ ਹੈ ਕਿਉਂਕਿ ਨਸ਼ਾ ਸ਼ਰੇਆਮ ਮਿਲਦਾ ਹੈ। ਉਹ ਦੱਸਦੀ ਹੈ ਕਿ ਇਕੱਲੀ ਔਰਤ ਖਾਸ ਤੌਰ ’ਤੇ ਮਾਂ-ਧੀ ਦਾ ਰਹਿਣਾ ਸਾਡੇ ਸਮਾਜ ਵਿੱਚ ਅੱਜ ਬਹੁਤ ਔਖਾ ਹੈ। ਉਸ ਨੂੰ ਕਈ ਵਾਰ ਲੋਕ ਤੰਗ ਕਰਦੇ ਹਨ। ਇਸ ਕਰ ਕੇ ਉਹ ਸਿਰਹਾਣੇ ਕਿਰਪਾਨ ਰੱਖ ਕੇ ਸੌਂਦੀ ਹੈ। ਇਸੇ ਲਈ ਉਹ ਕਹਿੰਦੀ ਹੈ ਕਿ ਪੱਟੀ ਨੇ ਉਸ ਨੂੰ ਬਰਬਾਦੀ ਤੋਂ ਬਿਨਾਂ ਕੁਝ ਨਹੀਂ ਦਿੱਤਾ। ਉਸ ਨੇ ਦੱਸਿਆ ਕਿ ਤਾਲਾਬੰਦੀ ਨੇ ਉਸ ਦਾ ਘਰ ਵੀ ਵਿਕਣ ਨਹੀਂ ਦਿੱਤਾ। ਹੁਣ ਮੁੜ ਉਹ ਆਪਣਾ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।