ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਵੱਲੋਂ 18 ਸਤੰਬਰ ਤੋਂ ਸੂਬੇ ’ਚ ਕੱਢੀ ਜਾਣ ਵਾਲੀ ‘ਨਸ਼ਾ ਮੁਕਤ ਪੰਜਾਬ’ ਯਾਤਰਾ ਨੂੰ ਲੈ ਕੇ ਪਾਰਟੀ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਸ਼ਿਆਂ ਦੇ ਮੁੱਦੇ ’ਤੇ ਸੂਬੇ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਸੂਬੇ ’ਚ ਨਸ਼ੇ ਸਪਲਾਈ ਕਰਨ ਵਾਲੀ ਭਾਜਪਾ ਹੀ ਨਸ਼ਿਆਂ ਵਿਰੁੱਧ ਯਾਤਰਾ ਕੱਢ ਰਹੀ ਹੈ। ਚੰਡੀਗੜ੍ਹ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਹੱਦ ਪਾਰ ਤੋਂ ਰੋਜ਼ਾਨਾ ਵੱਡੀ ਗਿਣਤੀ ’ਚ ਹਥਿਆਰ ਅਤੇ ਨਸ਼ੀਲੇ ਪਦਾਰਥ ਸਪਲਾਈ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਪੰਜਾਬ ਪੁਲੀਸ ਫੜ ਰਹੀ ਹੈ ਪਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੂਬੇ ਗੁਜਰਾਤ ਦੀ ਮੁੰਦਰਾ ਬੰਦਰਗਾਹ ਤੋਂ 2-3 ਹਜ਼ਾਰ ਕਿਲੋ ਨਸ਼ੀਲੇ ਪਦਾਰਥ ਫੜੇ ਜਾ ਰਹੇ ਹਨ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ, ‘‘ਨਾਲੇ ਤੁਸੀਂ ਨਸ਼ੀਲੇ ਪਦਾਰਥ ਸਪਲਾਈ ਕਰੀ ਜਾਓ ਅਤੇ ਨਾਲ ਹੀ ਨਸ਼ਾ ਮੁਕਤ ਪੰਜਾਬ ਯਾਤਰਾ ਕੱਢੀ ਜਾਓ। ਸੂਬੇ ਦੇ ਲੋਕ ਸੂਝਵਾਨ ਹਨ ਅਤੇ ਉਹ ਭਾਜਪਾ ਦੀਆਂ ਗੱਲਾਂ ’ਚ ਨਹੀਂ ਆਉਣਗੇ।’’ ਇਸ ਤੋਂ ਇਲਾਵਾ ਪੰਜਾਬ ਪੁਲੀਸ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਮੱਧ ਪ੍ਰਦੇਸ਼, ਰਾਜਸਥਾਨ ਤੇ ਗੁਜਰਾਤ ਵਿੱਚੋਂ ਵੀ ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੁਲਕ ’ਚ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਬਰਾਮਦ ਕੀਤੇ ਗਈ ਸਾਮੱਗਰੀ ਦਾ 60 ਫ਼ੀਸਦ ਹਿੱਸਾ ਪੰਜਾਬ ਪੁਲੀਸ ਵੱਲੋਂ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ, ਸਿੱਖਿਆ ਅਤੇ ਹੋਰ ਮੁੱਦਿਆਂ ’ਤੇ ਹਮੇਸ਼ਾ ਪੰਜਾਬ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਸੇ ਕਰਕੇ ਕੇਂਦਰ ਸਰਕਾਰ ਨੇ ਪਿਛਲੇ ਸਾਲ ਹੜ੍ਹਾਂ ਲਈ ਐਲਾਨੇ 1600 ਕਰੋੜ ਰੁਪਏ ਵੀ ਦੇਣ ਤੋਂ ਹੱਥ ਖਿੱਚ ਲਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲੀਸ ਸੂਬੇ ’ਚ ਅਮਨ ਤੇ ਕਾਨੂੰਨ ਦੀ ਸਥਿਤੀ ਦੀ ਬਹਾਲੀ ਲਈ ਗੈਂਗਸਟਰਾਂ ਵਿਰੁੱਧ ਵੀ ਸਖ਼ਤ ਕਾਰਵਾਈ ਕਰ ਰਹੀ ਹੈ। ਪੁਲੀਸ ਵੱਲੋਂ ਵਿਦੇਸ਼ਾਂ ’ਚ ਬੈਠ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਗੈਂਗਸਟਰਾਂ ਨੂੰ ਵੀ ਸੂਬੇ ’ਚ ਲਿਆਂਦਾ ਜਾ ਰਿਹਾ ਹੈ। ਸਾਲ 2022 ਤੋਂ ਏ ਜੀ ਟੀ ਐੱਫ (ਐਂਟੀ ਗੈਂਗਸਟਰ ਟਾਸਕ ਫੋਰਸ) ਨੇ 1.24 ਲੱਖ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਖ਼ਿਲਾਫ਼ ਕਾਰਵਾਈ ਕੀਤੀ ਜਦੋਂ ਕਿ ਦੂਜੇ ਮੁਲਕਾਂ ਤੋਂ 18 ਗੈਂਗਸਟਰਾਂ ਨੂੰ ਡਿਪੋਰਟ ਕਰਵਾਇਆ ਗਿਆ ਹੈ।
‘ਬਿਸ਼ਨੋਈ ਨੂੰ ਗੁਜਰਾਤ ’ਚ ਰੱਖਣ ਲਈ ਭਾਜਪਾ ਜ਼ਿੰਮੇਵਾਰ’
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਉਸ ਦੀ ਸਰਕਾਰ ਨੇ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ’ਚ ਰੱਖਿਆ ਹੋਇਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਲਾਰੈਂਸ ਬਿਸ਼ਨੋਈ ਮਾਮਲੇ ’ਚ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਉਸ ਤੋਂ ਸਿਰਫ਼ ਗੁਜਰਾਤ ਦੀ ਸਾਬਰਮਤੀ ਜੇਲ੍ਹ ’ਚ ਹੀ ਪੁੱਛ-ਗਿੱਛ ਕੀਤੀ ਜਾ ਸਕਦੀ ਹੈ।
ਨਸ਼ਿਆਂ ਦੇ ਮਾਮਲੇ ’ਚ 80 ਹਜ਼ਾਰ ਗ੍ਰਿਫ਼ਤਾਰ
ਡੀ ਜੀ ਪੀ ਗੌਰਵ ਯਾਦਵ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 60582 ਕੇਸ ਦਰਜ ਕਰ ਕੇ 80 ਹਜ਼ਾਰ ਦੇ ਕਰੀਬ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ’ਚ 708 ਵੱਡੀਆਂ ਮੱਛੀਆਂ ਸ਼ਾਮਲ ਹਨ ਜਿਨ੍ਹਾਂ ਤੋਂ 2 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲੀਸ ਨੇ ਮੁਹਿੰਮ ਤਹਿਤ 3803 ਕਿਲੋ ਹੈਰੋਇਨ, 976 ਕਿਲੋ ਅਫ਼ੀਮ, 46 ਟਨ ਭੁੱਕੀ, 1325 ਕਿਲੋ ਗਾਂਜਾ ਅਤੇ 78 ਲੱਖ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਹਨ। ਪੁਲੀਸ ਨੇ ਪਹਿਲੀ ਮਾਰਚ ਤੋਂ ਹੁਣ ਤੱਕ 13,430 ’ਚੋਂ 11,981 ਮਾਮਲਿਆਂ ਵਿੱਚ ਸਜ਼ਾਵਾਂ ਦਿਵਾਈਆਂ ਹਨ। ਕਾਊਂਟਰ ਇੰਟੈਲੀਜੈਂਸ ਵਿੰਗ ਨੇ 92 ਅਤਿਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕਰਦਿਆਂ 686 ਅਤਿਵਾਦੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ ਹਥਿਆਰ ਤੇ ਗੋਲੀ-ਸਿੱਕਾ ਬਰਾਮਦ ਕੀਤਾ ਹੈ। ਇਨ੍ਹਾਂ ’ਚ 38 ਟਿਫਿਨ ਆਈ ਈ ਡੀਜ਼, 28.887 ਕਿਲੋ ਆਰ ਡੀ ਐਕਸ, 131 ਹੈਂਡ ਗ੍ਰਨੇਡ, 6 ਆਰ ਪੀ ਜੀਜ਼ (ਲਾਂਚਰ) ਅਤੇ 952 ਡਰੋਨ ਸ਼ਾਮਲ ਹਨ।

