DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab Drug Survey: ਮੋਗਾ ਤੇ ਫ਼ਾਜ਼ਿਲਕਾ ’ਚ ਡਰੱਗ ਸਰਵੇਖਣ ਮੁਕੰਮਲ

ਦਸ ਜ਼ਿਲ੍ਹਿਆਂ ’ਚ ਡਰੱਗ ਸਰਵੇ ਪਛਡ਼ਿਆ

  • fb
  • twitter
  • whatsapp
  • whatsapp
Advertisement

ਪੰਜਾਬ ਸਰਕਾਰ ਵੱਲੋਂ ਸੂਬੇ ’ਚ ਸ਼ੁਰੂ ਕੀਤਾ ਡਰੱਗ ਸਰਵੇ ਦੋ ਜ਼ਿਲ੍ਹਿਆਂ ਮੋਗਾ ਅਤੇ ਫ਼ਾਜ਼ਿਲਕਾ ’ਚ ਮੁਕੰਮਲ ਹੋ ਗਿਆ ਹੈ ਜਦੋਂ ਕਿ ਕਈ ਜ਼ਿਲ੍ਹੇ ਪਛੜੇ ਹੋਏ ਹਨ। ਕੌਮਾਂਤਰੀ ਸਰਹੱਦ ਨਾਲ ਲੱਗਦੇ ਜ਼ਿਲ੍ਹਾ ਫ਼ਾਜ਼ਿਲਕਾ ’ਚ ਨਸ਼ਿਆਂ ਦੀ ਵੱਡੀ ਸਮੱਸਿਆ ਹੈ ਜਿੱਥੇ ਡਰੱਗ ਸਰਵੇ ਦਾ ਅਮਲ ਸਭ ਤੋਂ ਪਹਿਲਾਂ ਮੁਕੰਮਲ ਹੋ ਗਿਆ ਹੈ। ਪੰਜਾਬ ਸਰਕਾਰ ਨੇ ਅਪਰੈਲ ਮਹੀਨੇ ’ਚ ਡਰੱਗ ਅਤੇ ਸਮਾਜਿਕ-ਆਰਥਿਕ ਸਰਵੇਖਣ ਸ਼ੁਰੂ ਕੀਤਾ ਸੀ ਅਤੇ ਇਸ ਨੂੰ 30 ਜੂਨ ਤੱਕ ਮੁਕੰਮਲ ਕਰਨ ਦਾ ਟੀਚਾ ਸੀ।

‘ਆਪ’ ਸਰਕਾਰ ਇਸ ਸਰਵੇ ਦਾ ਅਗਾਮੀ ਚੋਣਾਂ ’ਚ ਕਿਸੇ ਨਾ ਕਿਸੇ ਰੂਪ ’ਚ ਲਾਹਾ ਲੈਣਾ ਚਾਹੁੰਦੀ ਹੈ। ਪੰਜਾਬ ਸਰਕਾਰ ਦੇ ਅਧਿਕਾਰੀ ਨੇ ਦੱਸਿਆ ਕਿ ਡਰੱਗ ਸਰਵੇ ਲਈ ਤੈਅ ਸੀਮਾ ਵਧਾ ਕੇ ਹੁਣ 15 ਜੁਲਾਈ ਤੱਕ ਕਰ ਦਿੱਤੀ ਹੈ, ਜਿਸ ਨੂੰ ਅੱਗੇ ਵਧਾ ਕੇ 31 ਜੁਲਾਈ ਕੀਤੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਕਈ ਜ਼ਿਲ੍ਹੇ ਸਰਵੇ ਕਰਨ ’ਚ ਕਾਫ਼ੀ ਪਿੱਛੇ ਚੱਲ ਰਹੇ ਹਨ। ਅਧਿਕਾਰੀ ਦਾ ਕਹਿਣਾ ਸੀ ਕਿ ਜਦੋਂ ਸਮੁੱਚਾ ਸਰਵੇ ਮੁਕੰਮਲ ਹੋਵੇਗਾ ਤਾਂ ਅੰਕੜਿਆਂ ਦੇ ਵਿਸ਼ਲੇਸ਼ਣ ’ਚ ਕੋਈ ਬਹੁਤਾ ਸਮਾਂ ਨਹੀਂ ਲੱਗੇਗਾ। ਡੇਟਾ ਵਿਸ਼ਲੇਸ਼ਣ ਲਈ ਦੋ ਮਹੀਨੇ ਦਾ ਸਮਾਂ ਮਿਥਿਆ ਗਿਆ ਹੈ। ਮੁਕੰਮਲ ਸਰਵੇ ਦਾ ਨਤੀਜਾ ਪੰਜਾਬ ਕੈਬਨਿਟ ’ਚ ਪੇਸ਼ ਹੋਵੇਗਾ।

Advertisement

ਦੱਸਦੇ ਹਨ ਕਿ ਸੂਬਾ ਸਰਕਾਰ ਇਸ ਸਰਵੇ ਦੇ ਅੰਕੜੇ ਨੂੰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ’ਚ ਵੀ ਰੱਖ ਸਕਦੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਡਰੱਗ ਸਰਵੇ ਮੋਗਾ ਤੇ ਫ਼ਾਜ਼ਿਲਕਾ ’ਚ ਸੌ ਫ਼ੀਸਦੀ ਮੁਕੰਮਲ ਹੋਇਆ ਹੈ ਜਦੋਂ ਕਿ 10 ਜ਼ਿਲ੍ਹਿਆਂ ’ਚ ਡਰੱਗ ਸਰਵੇ ਪੰਜਾਹ ਫ਼ੀਸਦੀ ਤੋਂ ਘੱਟ ਮੁਕੰਮਲ ਹੋਇਆ ਹੈ। ਲੁਧਿਆਣਾ ਜ਼ਿਲ੍ਹਾ ਸਭ ਤੋਂ ਪਿੱਛੇ ਹੈ ਜਿੱਥੇ ਸਿਰਫ਼ 29.6 ਫ਼ੀਸਦੀ ਹੀ ਸਰਵੇ ਹੋਇਆ ਹੈ ਅਤੇ ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ’ਚ 31.7 ਫ਼ੀਸਦੀ ਸਰਵੇ ਸਿਰੇ ਚੜ੍ਹਿਆ ਹੈ। ਰੋਪੜ ’ਚ ਵੀ 35.6 ਫ਼ੀਸਦੀ ਸਰਵੇ ਹੋਇਆ ਹੈ।

Advertisement

ਦੂਸਰੀ ਤਰਫ਼ ਮਾਨਸਾ ਜ਼ਿਲ੍ਹੇ ’ਚ 94.3 ਫ਼ੀਸਦੀ ਅਤੇ ਫ਼ਤਹਿਗੜ੍ਹ ਸਾਹਿਬ ’ਚ 87.5 ਫ਼ੀਸਦੀ ਸਰਵੇ ਮੁਕੰਮਲ ਹੋ ਚੁੱਕਿਆ ਹੈ। ਡਰੱਗ ਸਰਵੇ ਦੌਰਾਨ ਪੰਜਾਬ ਦੇ 60,35,400 ਘਰਾਂ ਤੋਂ ਨਸ਼ਿਆਂ ਦੀ ਦੁਰਵਰਤੋਂ ਅਤੇ ਸਮਾਜਿਕ ਆਰਥਿਕ ਸਥਿਤੀ ਬਾਰੇ ਡੇਟਾ ਇਕੱਠਾ ਕਰਨ ਦਾ ਟੀਚਾ ਹੈ ਪ੍ਰੰਤੂ ਇਸ ਮਿਥੇ ਟੀਚੇ ਦੇ ਵਿਰੁੱਧ ਹੁਣ ਤੱਕ 32,37,597 ਘਰਾਂ ਦਾ ਅੰਕੜਾ ਇਕੱਠਾ ਹੋਇਆ ਹੈ ਜੋ ਕਿ 53 ਫ਼ੀਸਦੀ ਬਣਦਾ ਹੈ।

ਪੰਜਾਬ ਸਰਕਾਰ ਵੱਲੋਂ ਇਹ ਸਰਵੇਖਣ ਸਰਹੱਦੀ ਸੂਬੇ ਪੰਜਾਬ ਵਿੱਚ ਨਸ਼ਿਆਂ ਦੀ ਦੁਰਵਰਤੋਂ ਦੇ ਕਾਰਨ ਜਾਣਨ ਲਈ ਕੀਤਾ ਜਾ ਰਿਹਾ ਹੈ। ਸਰਵੇਖਣ ਦੇ ਕੰਮ ’ਤੇ ਸੂਬਾ ਸਰਕਾਰ ਦੇ ਕਰੀਬ 22,330 ਸਰਕਾਰੀ ਕਰਮਚਾਰੀ ਤਾਇਨਾਤ ਹਨ। ਪੰਜਾਬ ਦੇ ਛੇ ਜ਼ਿਲ੍ਹਿਆਂ ਮੋਗਾ, ਫ਼ਾਜ਼ਿਲਕਾ, ਮਾਨਸਾ, ਫ਼ਤਿਹਗੜ੍ਹ ਸਾਹਿਬ, ਫ਼ਰੀਦਕੋਟ ਅਤੇ ਮੁਕਤਸਰ ਨੇ 75 ਪ੍ਰਤੀਸ਼ਤ ਤੋਂ ਵੱਧ ਸਰਵੇ ਮੁਕੰਮਲ ਕਰ ਲਿਆ ਹੈ, ਜਿਨ੍ਹਾਂ ਜ਼ਿਲ੍ਹਿਆਂ ’ਚ ਸਰਵੇ ਪਛੜਿਆ ਹੈ, ਉਨ੍ਹਾਂ ਜ਼ਿਲ੍ਹਿਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਿਣਤੀਕਾਰ ਸ਼ੁਰੂ ਵਿੱਚ ਜਨਗਣਨਾ ਡਿਊਟੀ ਵਿੱਚ ਰੁੱਝੇ ਹੋਏ ਸਨ ਪ੍ਰੰਤੂ ਹੁਣ ਸਰਵੇ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਸ਼ੁਰੂ ਕਰ ਦਿੱਤਾ ਹੈ।

ਡਰੱਗ ਸਰਵੇ ’ਤੇ  ਝਾਤ

ਜ਼ਿਲ੍ਹੇ ਦਾ ਨਾਮ ਸਰਵੇ ਦੀ ਮੁਕੰਮਲ ਦਰ

ਮੋਗਾ 100%

ਫ਼ਾਜ਼ਿਲਕਾ 100%

ਮਾਨਸਾ 94.3%

ਫ਼ਤਿਹਗੜ੍ਹ ਸਾਹਿਬ 87.5%

ਫ਼ਰੀਦਕੋਟ 82.2%

ਸਰਵੇ ਕਰਨ ’ਚ ਪਛੜੇ ਜ਼ਿਲ੍ਹੇ

ਜ਼ਿਲ੍ਹੇ ਦਾ ਨਾਮ ਸਰਵੇ ਦੀ ਮੁਕੰਮਲ ਦਰ

ਫ਼ਿਰੋਜ਼ਪੁਰ 43.1%

ਤਰਨਤਾਰਨ 42.2%

ਰੋਪੜ 35.6%

ਗੁਰਦਾਸਪੁਰ 31.7%

ਲੁਧਿਆਣਾ 29.6%

Advertisement
×