ਨਸ਼ਾ ਤਸਕਰੀ ਕੇਸ: ਇੰਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਦੇ ਭਤੀਜੇ ਬਲਤੇਜ ਦਾ ਨਾਮ ਪਹਿਲੀ ਵਾਰ ਜਨਤਕ
ਮੈਥਾਮਫੇਟਾਮਾਈਨ ਦੀ ਸਭ ਤੋਂ ਵੱਡੀ ਬਰਾਮਦਗੀ ਦਾ ਮਾਸਟਰਮਾਈਂਡ ਆਇਆ ਸਾਹਮਣੇ; ਅਦਾਲਤ ਨੇ ਹਟਾਈ ਪਾਬੰਦੀ
ਨਸ਼ਾ ਤਸਕਰੀ ਕੇਸ: ਨਿਊਜ਼ੀਲੈਂਡ ਦੀ ਪ੍ਰਮੁੱਖ ਖ਼ਬਰ ਸੰਸਥਾ ‘ਸਟੱਫ’ (Stuff) ਨੇ ਪਹਿਲੀ ਵਾਰ ਬਲਤੇਜ ਸਿੰਘ ਦਾ ਨਾਮ ਜਨਤਕ ਕੀਤਾ ਹੈ, ਜੋ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਦਾ ਭਤੀਜਾ ਹੈ। ਬਲਤੇਜ ’ਤੇ ਨਿਊਜ਼ੀਲੈਂਡ ਦੇ ਇਤਿਹਾਸ ਦੀ ਸਭ ਤੋਂ ਵੱਡੀ ਮੈਥਾਮਫੇਟਾਮਾਈਨ (ਨਸ਼ੀਲੇ ਪਦਾਰਥ) ਦੀ ਤਸਕਰੀ ਦਾ ਮਾਸਟਰਮਾਈਂਡ ਹੋਣ ਦਾ ਇਲਜ਼ਾਮ ਹੈ। ਹਾਲਾਂਕਿ ਭਾਰਤੀ ਅਤੇ ਕੌਮਾਂਤਰੀ ਮੀਡੀਆ ਨੇ ਪਹਿਲਾਂ ਹੀ ਉਸਦਾ ਨਾਮ ਪ੍ਰਕਾਸ਼ਿਤ ਕਰ ਦਿੱਤਾ ਸੀ, ਪਰ ਨਿਊਜ਼ੀਲੈਂਡ ਦੀ ਅਦਾਲਤ ਵੱਲੋਂ ਲਗਾਈ ਗਈ ਪਾਬੰਦੀ ਕਾਰਨ ਉੱਥੋਂ ਦਾ ਸਥਾਨਕ ਮੀਡੀਆ ਹੁਣ ਤੱਕ ਉਸਦੀ ਪਛਾਣ ਗੁਪਤ ਰੱਖਣ ਲਈ ਮਜਬੂਰ ਸੀ।
ਬਲਤੇਜ ਨੇ ਹੁਣ ਖੁਦ ਹੀ ਆਪਣਾ ਨਾਮ ਗੁਪਤ ਰੱਖਣ ਦੀ ਕਾਨੂੰਨੀ ਲੜਾਈ ਵਾਪਸ ਲੈ ਲਈ ਹੈ। ਇਹ ਮਾਮਲਾ ਸਾਲ 2023 ਵਿੱਚ ਇੱਕ 21 ਸਾਲਾ ਨੌਜਵਾਨ ਦੀ ਮੌਤ ਤੋਂ ਬਾਅਦ ਸਾਹਮਣੇ ਆਇਆ ਸੀ, ਜਿਸ ਨੇ ਗਲਤੀ ਨਾਲ ਨਸ਼ੇ ਵਾਲੀ ਬੀਅਰ ਪੀ ਲਈ ਸੀ। ਪੁਲੀਸ ਨੇ ਜਾਂਚ ਦੌਰਾਨ ਕੈਨੇਡਾ ਤੋਂ ਆਏ ਜੂਸ ਅਤੇ ਬੀਅਰ ਦੇ ਡੱਬਿਆਂ ਵਿੱਚ ਲੁਕਾਇਆ ਹੋਇਆ ਲਗਭਗ 700 ਕਿਲੋ ਨਸ਼ਾ ਬਰਾਮਦ ਕੀਤਾ ਸੀ।
ਕੌਣ ਹੈ ਬਲਤੇਜ ਸਿੰਘ?
ਬਲਤੇਜ ਸਿੰਘ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿੱਚ 22 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਸਦੀ 36 ਮਿਲੀਅਨ ਡਾਲਰ ਦੀ ਜਾਇਦਾਦ ਵੀ ਜ਼ਬਤ ਕੀਤੀ ਗਈ ਹੈ। ਭਾਰਤੀ ਸੁਰੱਖਿਆ ਏਜੰਸੀਆਂ ਮੁਤਾਬਕ ਬਲਤੇਜ ਸਿੰਘ ਦਾ ਪਿਛੋਕੜ 1984 ਦੀਆਂ ਇਤਿਹਾਸਕ ਘਟਨਾਵਾਂ ਨਾਲ ਜੁੜਿਆ ਹੋਇਆ ਹੈ। ਉਹ ਸਰਵਣ ਸਿੰਘ ਅਗਵਾਨ ਦਾ ਪੁੱਤਰ ਹੈ, ਜਿਸਦਾ ਭਰਾ ਸਤਵੰਤ ਸਿੰਘ ਉਨ੍ਹਾਂ ਦੋ ਸਿੱਖ ਅੰਗ ਰੱਖਿਅਕਾਂ ਵਿੱਚੋਂ ਇੱਕ ਸੀ, ਜਿਨ੍ਹਾਂ ਨੇ ਅਕਤੂਬਰ 1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕੀਤਾ ਸੀ। ਇਹ ਕਤਲ ਸ੍ਰੀ ਹਰਿਮੰਦਰ ਸਾਹਿਬ ਵਿੱਚ ਚਲਾਏ ਗਏ ਫੌਜੀ ‘ਅਪਰੇਸ਼ਨ ਬਲੂ ਸਟਾਰ’ ਦੇ ਬਦਲੇ ਵਜੋਂ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ 1980 ਦੇ ਦਹਾਕੇ ਵਿੱਚ ਸਤਵੰਤ ਸਿੰਘ ਦਾ ਪਰਿਵਾਰ ਨਿਊਜ਼ੀਲੈਂਡ ਚਲਾ ਗਿਆ ਸੀ। ਉੱਥੇ ਉਨ੍ਹਾਂ ਨੇ ਪਹਿਲਾਂ ਇੱਕ ਛੋਟੀ ਕਰਿਆਨੇ ਦੀ ਦੁਕਾਨ ਸ਼ੁਰੂ ਕੀਤੀ, ਪਰ ਬਾਅਦ ਵਿੱਚ ਰੀਅਲ ਅਸਟੇਟ ਦੇ ਕਾਰੋਬਾਰ ਰਾਹੀਂ ਉਹ ਕਾਫੀ ਅਮੀਰ ਹੋ ਗਏ। ਰਿਪੋਰਟਾਂ ਅਨੁਸਾਰ ਬਲਤੇਜ ਸਿੰਘ ਦੇ ਪਿਤਾ ਨੇ ਉੱਥੇ 100 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦਾ ਘਰ ਵੀ ਖਰੀਦਿਆ ਸੀ।

