ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 20 ਅਪਰੈਲ
ਸਰਹੱਦ ’ਤੇ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀ ਹੋ ਰਹੀ ਤਸਕਰੀ ਰੋਕਣ ਲਈ ਬੀਐੱਸਐੱਫ ਨੇ ਤਸਕਰੀ ਸਬੰਧੀ ਸੂਚਨਾ ਦੇਣ ਵਾਲੇ ਵਿਅਕਤੀ ਨੂੰ ਇਕ ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ। ਬੀਐੱਸਐੱਫ ਨੇ ਇਹ ਕਾਰਵਾਈ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਕੁਝ ਦਨਿ ਪਹਿਲਾਂ ਸਰਹੱਦੀ ਜ਼ਿਲ੍ਹਿਆਂ ਦੇ ਕੀਤੇ ਗਏ ਦੌਰੇ ਤੋਂ ਤੁਰੰਤ ਬਾਅਦ ਕੀਤੀ ਹੈ। ਬੀਐੱਸਐੱਫ ਪੰਜਾਬ ਫਰੰਟੀਅਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਪਾਕਿਸਤਾਨ ਤੋਂ ਭਾਰਤ ਵਿੱਚ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਵਿਅਕਤੀਆਂ ਦੀ ਸੂਚਨਾ ਬੀਐੱਸਐੱਫ ਨੂੰ ਦਿੱਤੀ ਜਾਵੇ, ਜਿਸ ਵਿਅਕਤੀ ਦੀ ਸੂਹ ਦੇ ਆਧਾਰ ’ਤੇ ਇਨ੍ਹਾਂ ਗਤੀਵਿਧੀਆਂ ਵਿੱਚ ਸ਼ਾਮਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਡਰੋਨ ਜ਼ਬਤ ਕੀਤਾ ਜਾਵੇਗਾ, ਉਸ ਨੂੰ ਬੀਐੱਸਐੱਫ ਪੰਜਾਬ ਫਰੰਟੀਅਰ ਵੱਲੋਂ ਇਕ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਬੀਐੱਸਐੱਫ ਨੇ ਇਸ ਸਬੰਧੀ ਸੂਚਨਾ ਦੇਣ ਲਈ 9417809047 ਅਤੇ 0181-2233348 ਨੰਬਰ ਜਾਰੀ ਕੀਤੇ ਹਨ।
ਡਰੋਨ ਰਾਹੀਂ ਸਰਹੱਦ ਪਾਰੋਂ ਤਸਕਰੀ ਕਰਨ ਦੇ ਦੋਸ਼ ਹੇਠ ਇਕ ਕਾਬੂ
ਅੰਮ੍ਰਿਤਸਰ (ਟਨਸ) : ਥਾਣਾ ਛੇਹਰਟਾ ਦੀ ਪੁਲੀਸ ਨੇ ਪ੍ਰਤਾਪ ਸਟੀਲ ਮਿੱਲ ਛੇਹਰਟਾ ਕੋਲੋਂ ਪਿੰਡ ਹਵੇਲੀਆਂ ਦੇ ਜਗਜੀਤ ਸਿੰਘ ਨੂੰ ਡਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਉਸ ਕੋਲੋਂ ਡਰੋਨ ਸਮੇਤ ਪਿਸਤੌਲ, ਦੋ ਮੈਗਜ਼ੀਨ, ਅੱਠ ਗੋਲੀਆਂ, ਦੋ ਮੋਬਾਈਲ ਫੋਨ ਅਤੇ ਇਕ ਮੋਟਰਸਾਈਕਲ ਬਰਾਮਦ ਹੋਇਆ ਹੈ।