ਸੂਬੇ ਨੂੰ ਆਲਮੀ ਸਿੱਖਿਆ ਕੇਂਦਰ ਬਣਾਉਣਾ ਸੁਪਨਾ: ਮੁੱਖ ਮੰਤਰੀ
ਅਧਿਆਪਕ ਦਿਵਸ ਮੌਕੇ ਅਧਿਆਪਕ ਰਾਜ ਪੁਰਸਕਾਰ ਵੰਡੇ; ਸਿੱਖਿਆ ਖੇਤਰ ਵਿੱਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
ਅਧਿਆਪਕ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫੇਜ਼- 8 ਸਥਿਤ ਵਿਕਾਸ ਭਵਨ ਵਿੱਚ ਅਧਿਆਪਕ ਰਾਜ ਪੁਰਸਕਾਰ ਤਕਸੀਮ ਕੀਤੇ। ਉਨ੍ਹਾਂ 50 ਅਧਿਆਪਕਾਂ ਨੂੰ ਸਟੇਟ ਐਵਾਰਡ ਦਿੱਤੇ ਜਿਨ੍ਹਾਂ ਵਿੱਚ 21 ਪ੍ਰਾਇਮਰੀ ਅਤੇ 29 ਸੈਕੰਡਰੀ ਅਧਿਆਪਕ ਸ਼ਾਮਲ ਹਨ। ਦਸ ਅਧਿਆਪਕਾਂ (ਚਾਰ ਪ੍ਰਾਇਮਰੀ ਅਤੇ ਛੇ ਸੈਕੰਡਰੀ) ਨੂੰ ਯੰਗ ਟੀਚਰ ਐਵਾਰਡ, ਚਾਰ ਅਧਿਆਪਕਾਂ ਨੂੰ ਵਿਸ਼ੇਸ਼ ਅਧਿਆਪਕ ਪੁਰਸਕਾਰ, ਛੇ ਨੂੰ ਪ੍ਰਸ਼ਾਸਕੀ ਪੁਰਸਕਾਰ ਅਤੇ ਪੰਜ ਪੁਰਸਕਾਰ ਸਿੱਖਿਆ ਮੰਤਰੀ ਵੱਲੋਂ ਨਾਮਜ਼ਦ ਕੀਤੇ ਅਧਿਆਪਕਾਂ ਨੂੰ ਦਿੱਤੇ ਗਏ।
ਸੂਬਾ ਪੱਧਰੀ ਸਮਾਗਮ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਸਰਕਾਰ ਦੇ ਸਿੱਖਿਆ ਸੁਧਾਰਾਂ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਕਾਇਆ-ਕਲਪ ਕਰ ਦਿੱਤੀ ਹੈ। ਸਾਲ 2021 ਵਿੱਚ ਪੰਜਾਬ ਸਿੱਖਿਆ ਦੇ ਖੇਤਰ ਵਿੱਚ 27ਵੇਂ ਸਥਾਨ ’ਤੇ ਸੀ, ਜੋ ਹੁਣ ਪ੍ਰਾਇਮਰੀ ਸਿੱਖਿਆ ਵਿੱਚ ਪਹਿਲੇ ਨੰਬਰ ’ਤੇ ਪੁੱਜ ਗਿਆ ਹੈ। ਉਨ੍ਹਾਂ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਸ਼ਰਧਾਂਜਲੀ ਭੇਟ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਖੇਤਰ ਨੂੰ ਬੁਲੰਦੀਆਂ ’ਤੇ ਲੈ ਕੇ ਜਾਣਾ ਸਰਕਾਰ ਦੀ ਮੁੱਖ ਤਰਜੀਹ ਹੈ। ਉਨ੍ਹਾਂ ਦਾ ਸੁਫ਼ਨਾ ਪੰਜਾਬ ਨੂੰ ਆਲਮੀ ਸਿੱਖਿਆ ਕੇਂਦਰ ਬਣਾਉਣਾ ਹੈ। ਸਿੱਖਿਆ ਖੇਤਰ ਵਿੱਚ ਸਰਕਾਰ ਵੱਲੋਂ ਚੁੱਕੇ ਗਏ ਇਨਕਲਾਬੀ ਕਦਮਾਂ ਕਾਰਨ ਉਹ ਦਿਨ ਦੂਰ ਨਹੀਂ ਜਦੋਂ ਦੁਨੀਆ ਭਰ ਤੋਂ ਅਧਿਆਪਕ ਸਿਖਲਾਈ ਲੈਣ ਲਈ ਪੰਜਾਬ ਆਉਣਗੇ।
ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁਫ਼ਤ ਵਰਦੀਆਂ ਲਈ 47 ਕਰੋੜ ਰੁਪਏ ਤੋਂ ਵੱਧ ਦਾ ਬਜਟ ਰੱਖਿਆ ਹੈ ਜਦਕਿ ਸਕੂਲਾਂ ਵਿੱਚ ਸਮੇਂ ਸਿਰ ਕਿਤਾਬਾਂ ਵੰਡੀਆਂ ਗਈਆਂ ਹਨ। ਬਿਜ਼ਨਸ ਬਲਾਸਟਰ ਪ੍ਰੋਗਰਾਮ ਤਹਿਤ 1.83 ਲੱਖ ਵਿਦਿਆਰਥੀਆਂ ਨੂੰ 10.32 ਕਰੋੜ ਰੁਪਏ ਦੀ ਸੀਡ ਮਨੀ ਦਿੱਤੀ ਗਈ ਹੈ। ਮੁੱਖ ਮੰਤਰੀ ਕਿਹਾ ਕਿ ਪਹਿਲੀ ਵਾਰ 881 ਵਿਦਿਆਰਥੀਆਂ ਨੇ ਜੇ ਈ ਈ ਅਤੇ ਨੀਟ ਪਾਸ ਕੀਤੀ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਮੰਤਰੀ ਅਤੇ ਅਧਿਆਪਕਾਂ ਦਾ ਸਵਾਗਤ ਕਰਦਿਆਂ ਸਾਰਿਆਂ ਨੂੰ ਅਧਿਆਪਕ ਦਿਵਸ ਅਤੇ ਪੁਰਸਕਾਰਾਂ ਦੀ ਵਧਾਈ ਦਿੱਤੀ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ, ਸਿੱਖਿਆ ਸਕੱਤਰ ਸੋਨਾਲੀ ਗਿਰੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਸਿੱਖਿਆ ਮਿਆਰ ਸੁਧਾਰਨ ਲਈ ਫੰਡਾਂ ਦੀ ਘਾਟ ਨਹੀਂ: ਮੁੱਖ ਮੰਤਰੀ
ਐਵਾਰਡ ਜੇਤੂ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਸ੍ਰੀ ਮਾਨ ਨੇ ਕਿਹਾ ਸਿੱਖਿਆ ਅਤੇ ਸਕੂਲਾਂ ਦੇ ਮਿਆਰ ਸੁਧਾਰਨ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਦੱਸਿਆ ਕਿ 234 ਪ੍ਰਿੰਸੀਪਲਾਂ ਅਤੇ ਸਿੱਖਿਆ ਅਧਿਕਾਰੀਆਂ ਨੂੰ ਸਿੰਗਾਪੁਰ, 152 ਹੈੱਡਮਾਸਟਰਾਂ ਨੂੰ ਅਹਿਮਦਾਬਾਦ ਅਤੇ 144 ਪ੍ਰਾਇਮਰੀ ਅਧਿਆਪਕਾਂ ਨੇ ਫਿਨਲੈਂਡ ਦੀ ਤੁਰਕੂ ਯੂਨੀਵਰਸਿਟੀ ਤੋਂ ਵਿਸ਼ਵ ਪੱਧਰੀ ਸਿਖਲਾਈ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ 88.67 ਕਰੋੜ ਨਾਲ 118 ਸਕੂਲਜ਼ ਆਫ਼ ਐਮੀਨੈਂਸ ਨੂੰ ਆਧੁਨਿਕ ਬੁਨਿਆਦੀ ਢਾਂਚੇ ਵਿੱਚ ਬਦਲਿਆ ਗਿਆ। ਇਸੇ ਤਰ੍ਹਾਂ 211.58 ਕਰੋੜ ਰੁਪਏ ਸਕੂਲਾਂ ਦੇ ਬੁਨਿਆਦੀ ਢਾਂਚੇ ’ਤੇ ਖਰਚੇ ਗਏ। ਉਨ੍ਹਾਂ ਕਿਹਾ ਕਿ 1,917 ਕੈਂਪਸ ਮੈਨੇਜਰ, 1,316 ਸੁਰੱਖਿਆ ਗਾਰਡ, 7,113 ਸਫ਼ਾਈ ਕਰਮਚਾਰੀ ਅਤੇ 1,785 ਚੌਕੀਦਾਰ ਤਾਇਨਾਤ ਕੀਤੇ ਗਏ। ਉਨ੍ਹਾਂ ਕਿਹਾ ਕਿ 16,348 ਵਾਈ-ਫਾਈ ਕੁਨੈਕਸ਼ਨ ਲਾਏ ਹਨ। ਸਰਕਾਰ ਕਲਾਸਰੂਮਾਂ, ਲੈਬਾਰਟਰੀਆਂ, ਲਾਇਬ੍ਰੇਰੀਆਂ ਅਤੇ ਪਖਾਨਿਆਂ ਨੂੰ ਬਿਹਤਰ ਬਣਾਉਣ ਲਈ 488.67 ਕਰੋੜ ਰੁਪਏ ਖਰਚ ਰਹੀ ਹੈ।

