ਡਾ. ਐੱਮ ਐੱਸ ਰੰਧਾਵਾ ਸਾਹਿਤ ਕਲਾ ਉਤਸਵ ਦਾ ਆਗਾਜ਼
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਸੱਭਿਆਚਾਰਕ ਮਾਮਲੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤੀ ਸ਼ਮੂਲੀਅਤ
ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵੱਲੋਂ ਕਰਵਾਇਆ ਜਾਂਦਾ ਸਾਲਾਨਾ ‘ਮਹਿੰਦਰ ਸਿੰਘ ਰੰਧਾਵਾ ਸਾਹਿਤ ਕਲਾ ਉਤਸਵ ਪੰਜਾਬ ਕਲਾ ਭਵਨ ਸੈਕਟਰ 16 ਵਿਖੇ ਅੱਜ ਸ਼ੁਰੂ ਹੋ ਗਿਆ।
‘ਪੰਜਾਬ ਦੀ ਨਵ ਸਿਰਜਣਾ’ ਤਹਿਤ ਕਰਵਾਏ ਜਾ ਰਹੇ ਇਸ ਉਤਸਵ ਦੇ ਅੱਜ ਪਹਿਲੇ ਦਿਨ ਸੱਭਿਆਚਾਰਕ ਮਾਮਲੇ, ਸੈਰ ਸਪਾਟਾ ਤੇ ਪੇਂਡੂ ਵਿਕਾਸ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਕਲਾ ਪਰਿਸ਼ਦ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਮਹਿੰਦਰ ਸਿੰਘ ਰੰਧਾਵਾ ਦੇ ਜੀਵਨ ਅਤੇ ਪ੍ਰਾਪਤੀਆਂ ਸਾਂਝੀਆਂ ਕੀਤੀਆਂ। ਅੱਜ ਪਹਿਲੇ ਦਿਨ ਸ਼ਮ੍ਹਾਂ ਰੋਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ ਗਿਆ।
ਡਾ. ਨਿਵੇਦਿਤਾ ਸਿੰਘ ਵੱਲੋਂ ‘ਮਨ ਕੀ ਮੰਡਲੀ’ ਦਾ ਗਾਇਨ ਕੀਤਾ ਗਿਆ, ਜਿਸ ਉਪਰੰਤ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਪਿਛਲੇ ਸਾਲ ਕੀਤੇ ਮਹੱਤਵਪੂਰਨ ਕੰਮਾਂ ਦਾ ਵੇਰਵਾ ਸਾਂਝਾ ਕੀਤਾ। ਉਨ੍ਹਾਂ ਆਉਣ ਵਾਲੇ ਸਮਾਗਮ ਲਈ ‘ਸਹੁੰ ਪੰਜਾਬ ਦੀ’ ਬਾਰੇ ਸਰੋਤਿਆਂ ਨਾਲ ਗੱਲ ਸਾਂਝੀ ਕੀਤੀ।
ਅੱਜ ਦਾ ਮੁੱਖ ਭਾਸ਼ਣ ਉੱਘੇ ਚਿੰਤਕ ਡਾ. ਮਦਨ ਗੋਪਾਲ ਸਿੰਘ ਨੇ ਦਿੱਤਾ। ਉਨ੍ਹਾਂ ਨੇ ‘ਅੰਦਰੂਨ ਤੇ ਬਹਿਰੂਨ’ ਸ਼ਹਿਰ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਮੈਂ ‘ਬੇਰੂਨ’ ਸ਼ਹਿਰ ਦਾ ਬਸ਼ਿੰਦਾ ਅੱਜ ਐੱਮ ਐੱਸ ਰੰਧਾਵਾ ਨੂੰ ਯਾਦ ਕਰਦਾ ਹਾਂ, ਸੰਤਾਲ਼ੀ ਦਾ ਸਮਾਂ ਦਿੱਲੀ ਲਈ ਬਹੁਤ ਮਾੜਾ ਸੀ, ਪੁਰਜਾ-ਪੁਰਜਾ ਹੋਇਆ ਪੰਜਾਬ ਦਿੱਲੀ ਦੇ ਮੁਹਾਣੇ ’ਤੇ ਖੜ੍ਹਾ ਸੀ। ਐੱਮ ਐੱਸ ਰੰਧਾਵਾ ਆਪਣੇ ਹਮਸਾਇਆਂ ਲਈ ਬਹੁੜਿਆ ਤੇ ਦਿੱਲੀ ਦੀ ਫਿਰਕਾਪ੍ਰਸਤੀ ਨੂੰ ਨੇਸਤਨਾਬੂਦ ਕੀਤਾ।
ਡਾ. ਅਕਾਲ ਅੰਮ੍ਰਿਤ ਕੌਰ ਨੇ ਆਪਣਾ ਪਰਚਾ ਕਲਾ ਪਰਿਸ਼ਦ ਵੱਲੋਂ ਪ੍ਰਦਾਨ ਕੀਤੇ ‘ਪੰਜਾਬ ਰਤਨ’ ਡਾ. ਕਰਮਜੀਤ ਸਿੰਘ ਬਾਰੇ ਪੜ੍ਹਿਆ। ਇਸ ਉਪਰੰਤ ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਐੱਸ.ਐੱਸ. ਗੋਸਲ ਉਪ-ਕੁਲਪਤੀ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਕੀਤੀ। ਉਨ੍ਹਾਂ ਡਾ. ਰੰਧਾਵਾ ਤੇ ਡਾ. ਕਰਮਜੀਤ ਸਿੰਘ ਬਾਬਤ ਆਪਣੀ ਗੱਲ ਕੀਤੀ। ਇਸ ਸੈਸ਼ਨ ਦਾ ਸੰਚਾਲਨ ਡਾ. ਯੋਗਰਾਜ ਅੰਗਰੀਸ਼ ਨੇ ਬਾਖੂਬੀ ਕੀਤਾ। ਦੁਪਹਿਰ ਦੇ ਖਾਣੇ ਤੋਂ ਬਾਅਦ ਡਾ. ਨਿਵੇਦਿਤਾ ਸਿੰਘ ਅਤੇ ਸਾਥੀਆਂ ਵੱਲੋਂ ਪੰਜਾਬ ਦਾ ਵਿਰਾਸਤੀ, ਅਧਾਰਿਤ ਗਾਇਨ ਕੀਤਾ।
ਸਮਾਗਮ ਦੇ ਆਖ਼ਰੀ ਭਾਗ ਵਿਚ ਉੱਘੇ ਫੋਟੋਗ੍ਰਾਫਰ ਦੇਵ ਇੰਦਰ ਵੱਲੋਂ ਲਗਾਈ ਜਾ ਰਹੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਦਿਨ ਦੇ ਆਖ਼ਰੀ ਸੈਸ਼ਨ ‘ਹਰੀ ਕ੍ਰਾਂਤੀ ਤੋਂ ਸਿਰਜਣਾਤਮਕ ਕ੍ਰਾਂਤੀ ਵੱਲ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸ਼ਮੂਲੀਅਤ ਕੀਤੀ ਤੇ ਪ੍ਰਧਾਨਗੀ ਡਾ. ਕਰਮਜੀਤ ਸਿੰਘ ਉਪ-ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕੀਤੀ।

