Doraha Municipal Council Election: ਮਾਂ-ਪਿਓ ਤੇ ਪੁੱਤਰ ਬਣੇ ਕੌਂਸਲਰ
ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਦੋਰਾਹਾ ਦਾ ਇੱਕ 'ਪਰਿਵਾਰ' ਕੌਂਸਲਰ ਦੀ ਚੋਣ ਜਿੱਤ ਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ, ਪੰਜਾਬ ਵਿੱਚ ਸ਼ਾਇਦ ਇਹ ਅਜਿਹਾ ਪਹਿਲਾ ਪਰਿਵਾਰ ਹੋਵੇਗਾ, ਜਿਸ ਦੇ ਇੱਕੋ ਘਰ ਵਿੱਚੋਂ ਤਿੰਨ ਮੈਂਬਰ ਕੌਂਸਲਰ ਬਣੇ ਹਨ।...
ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਦੋਰਾਹਾ ਦਾ ਇੱਕ 'ਪਰਿਵਾਰ' ਕੌਂਸਲਰ ਦੀ ਚੋਣ ਜਿੱਤ ਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ, ਪੰਜਾਬ ਵਿੱਚ ਸ਼ਾਇਦ ਇਹ ਅਜਿਹਾ ਪਹਿਲਾ ਪਰਿਵਾਰ ਹੋਵੇਗਾ, ਜਿਸ ਦੇ ਇੱਕੋ ਘਰ ਵਿੱਚੋਂ ਤਿੰਨ ਮੈਂਬਰ ਕੌਂਸਲਰ ਬਣੇ ਹਨ।
ਇੱਥੋਂ ਦੇ ਰਹਿਣ ਵਾਲੇ ਸੁਦਰਸ਼ਨ ਕੁਮਾਰ ਸ਼ਰਮਾ (ਪੱਪੂ) ਨੇ ਸਭ ਤੋਂ ਪਹਿਲਾਂ ਸਾਲ 1992 ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਦੋਰਾਹਾ ਨਗਰ ਕੌਂਸਲ ਦੀ ਚੋਣ ਲੜੀ ਸੀ ਅਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ।
ਇਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਹਰ ਪੰਜ ਸਾਲ ਬਾਅਦ ਹੋਈਆਂ 6 ਚੋਣਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਲੜੀਆਂ ਅਤੇ ਹਰ ਵਾਰ ਜਿੱਤ ਪ੍ਰਾਪਤ ਕੀਤੀ। ਪਰੰਤੂ ਕਰੀਬ 4 ਵਰ੍ਹੇ ਪਹਿਲਾਂ, ਜਦੋਂ ਉਹ ਨਗਰ ਕੌਂਸਲ ਦੇ ਪ੍ਰਧਾਨ ਦੇ ਦਾਅਵੇਦਾਰ ਸਨ, ਤਾਂ ਪਾਰਟੀ ਵੱਲੋਂ ਪ੍ਰਧਾਨ ਨਾ ਬਣਾਏ ਜਾਣ 'ਤੇ ਉਹ ਇਸ ਇਲਾਕੇ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਆਪਣੇ ਪੰਜ ਸਾਥੀਆਂ ਸਮੇਤ ਆਮ ਆਦਮੀ ਪਾਰਟੀ (AAP) ਵਿੱਚ ਸ਼ਾਮਲ ਹੋ ਗਏ ਅਤੇ ਬਹੁਮਤ ਨਾਲ ਪ੍ਰਧਾਨ ਬਣੇ। ਇਸ ਵਾਰ ਉਨ੍ਹਾਂ ਨੇ ਫਿਰ 'ਆਪ' ਵੱਲੋਂ ਵਾਰਡ ਨੰਬਰ-8 ਤੋਂ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ।
ਇਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਪ੍ਰਿਆ ਸ਼ਰਮਾ ਨੇ ਵਾਰਡ ਨੰਬਰ-5 ਅਤੇ ਪੁੱਤਰ ਅਨਮੋਲ ਸ਼ਰਮਾ (ਐਮੀ) ਨੇ ਵਾਰਡ ਨੰਬਰ-6 ਤੋਂ ਜਿੱਤ ਪ੍ਰਾਪਤ ਕੀਤੀ ਹੈ। ਇਸ ਤਰ੍ਹਾਂ ਇੱਕੋ ਘਰ ਦੇ ਤਿੰਨ ਮੈਂਬਰ ਚੋਣ ਜਿੱਤ ਕੇ ਕੌਂਸਲਰ ਬਣ ਗਏ ਹਨ, ਜੋ ਕਿ ਪੂਰੇ ਇਲਾਕੇ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦੋਰਾਹਾ ਦੇ ਕੁੱਲ 15 ਵਾਰਡਾਂ ਵਿੱਚੋਂ 9 'ਤੇ ਆਮ ਆਦਮੀ ਪਾਰਟੀ (AAP) ਨੇ ਜਿੱਤ ਹਾਸਲ ਕੀਤੀ ਹੈ। ਇਸ ਬਹੁਮਤ ਤੋਂ ਬਾਅਦ ਹੁਣ ਸੁਦਰਸ਼ਨ ਸ਼ਰਮਾ ਦਾ ਮੁੜ ਨਗਰ ਕੌਂਸਲ ਦਾ ਪ੍ਰਧਾਨ ਬਣਨਾ ਲਗਪਗ ਤੈਅ ਮੰਨਿਆ ਜਾ ਰਿਹਾ ਹੈ।

