Dilroz murder case: ਹਾਈ ਕੋਰਟ ਨੇ ਫ਼ਾਂਸੀ ਦੀ ਸਜ਼ਾ 30 ਸਾਲ ਕੈਦ ’ਚ ਬਦਲੀ
ਹੇਠਲੀ ਅਦਾਲਤ ਦਾ ਫ਼ੈਸਲਾ ਪਲਟਿਆ; ਬਿਨਾਂ ਪੈਰੋਲ ਕੱਟਣੀ ਪਵੇਗੀ ਸਜ਼ਾ
ਸਨਅਤੀ ਸ਼ਹਿਰ ਵਿੱਚ ਢਾਈ ਸਾਲਾ ਬੱਚੀ ਦਿਲਰੋਜ਼ ਨੂੰ ਜਿਊਂਦਿਆਂ ਦੱਬਣ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੈਸ਼ਨ ਕੋਰਟ ਵੱਲੋਂ ਦੋਸ਼ੀ ਔਰਤ ਨੀਲਮ ਨੂੰ ਸੁਣਾਈ ਗਈ ਫ਼ਾਂਸੀ ਦੀ ਸਜ਼ਾ ਬਦਲ ਕੇ 30 ਦੀ ਸਖ਼ਤ ਕੈਦ ਵਿੱਚ ਤਬਦੀਲ ਕਰ ਦਿੱਤੀ ਹੈ। ਇਸ ਦੌਰਾਨ ਉਸ ਨੂੰ ਪੈਰੋਲ ਜਾਂ ਸਮੇਂ ਤੋਂ ਪਹਿਲਾਂ ਰਿਹਾਈ ਦੀ ਕੋਈ ਛੋਟ ਨਹੀਂ ਮਿਲੇਗੀ।
2021 ਵਿੱਚ ਸ਼ਿਮਲਾਪੁਰੀ ਇਲਾਕੇ ’ਚ ਵਾਪਰੀ ਇਸ ਘਟਨਾ ’ਚ ਪੰਜਾਬ ਪੁਲੀਸ ਦੇ ਮੁਲਾਜ਼ਮ ਹਰਪ੍ਰੀਤ ਸਿੰਘ ਦੀ ਢਾਈ ਸਾਲਾ ਧੀ ਦਿਲਰੋਜ਼ ਦੀ ਉਸ ਦੇ ਗੁਆਂਢ ਵਿੱਚ ਰਹਿੰਦੀ ਨੀਲਮ ਨੇ ਹੱਤਿਆ ਕਰ ਦਿੱਤੀ ਸੀ। ਗੁਆਂਢੀਆਂ ਦੇ ਘਰ ਬੱਚਿਆਂ ਲਈ ਆਉਂਦੇ ਮਹਿੰਗੇ ਕੱਪੜੇ ਅਤੇ ਖਿਡੌਣੇ ਦੇਖ ਕੇ ਉਸ ਦੇ ਮਨ ਵਿੱਚ ਈਰਖਾ ਪੈਦਾ ਹੁੰਦੀ ਸੀ। ਉਸ ਦੇ ਬੱਚੇ ਵੀ ਅਜਿਹੀ ਮੰਗ ਕਰਦੇ ਸਨ, ਪਰ ਉਹ ਖ਼ਰਚਾ ਚੁੱਕਣ ਤੋਂ ਅਸਮਰੱਥ ਸੀ।
ਇਸੇ ਰੰਜਿਸ਼ ਕਾਰਨ ਉਹ ਬੱਚੀ ਨੂੰ ਭਰਮਾ ਕੇ ਸੁੰਨਸਾਨ ਥਾਂ ’ਤੇ ਲੈ ਗਈ। ਉੱਥੇ ਉਸ ਨੇ ਬੱਚੀ ਦੇ ਮੂੰਹ ਵਿੱਚ ਗਿੱਲੀ ਮਿੱਟੀ ਪਾ ਕੇ ਉਸ ਨੂੰ ਟੋਏ ਵਿੱਚ ਦੱਬ ਦਿੱਤਾ। ਸਾਹ ਘੁੱਟਣ ਕਾਰਨ ਬੱਚੀ ਨੇ ਤੜਫ਼ ਕੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਸੀ।
ਪੁਲੀਸ ਨੇ ਸੀ ਸੀ ਟੀ ਵੀ ਫੁਟੇਜ ਦੀ ਜਾਂਚ ਕੀਤੀ ਤਾਂ ਨੀਲਮ ਬੱਚੀ ਨੂੰ ਸਕੂਟੀ ’ਤੇ ਲਿਜਾਂਦੀ ਦਿਖਾਈ ਦਿੱਤੀ। ਪੁੱਛ-ਪੜਤਾਲ ਦੌਰਾਨ ਉਸ ਨੇ ਦੋਸ਼ ਕਬੂਲ ਕਰ ਲਿਆ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਬੱਚੀ ਦੀ ਲਾਸ਼ ਬਰਾਮਦ ਹੋਈ। ਸੈਸ਼ਨ ਕੋਰਟ ਨੇ ਸਬੂਤਾਂ ਦੇ ਆਧਾਰ ’ਤੇ ਉਸ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਸੀ, ਜਿਸ ਨੂੰ ਹੁਣ ਹਾਈ ਕੋਰਟ ਨੇ 30 ਸਾਲ ਕੈਦ ਵਿੱਚ ਬਦਲ ਦਿੱਤਾ ਹੈ।

