ਐੱਨਪੀ ਧਵਨ
ਪਠਾਨਕੋਟ, 17 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪਠਾਨਕੋਟ ਵਿੱਚ ਡੇਰਾ ਸੁਆਮੀ ਜਗਤ ਗਿਰੀ ਅਤੇ ਪ੍ਰਾਚੀਨ ਕਾਲੀ ਮਾਤਾ ਮੰਦਰ ਵਿੱਚ ਮੱਥਾ ਟੇਕਿਆ ਅਤੇ ਡੇਰੇ ਦੇ ਪੰਡਾਲ ਵਿੱਚ ਬੈਠ ਕੇ ਸਤਿਸੰਗ ਸੁਣਿਆ। ਇਸ ਮੌਕੇ ਉਨ੍ਹਾਂ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਮਾਲ ਮੰਤਰੀ ਅਰੁਣਾ ਚੌਧਰੀ, ਵਿਧਾਇਕ ਅਮਿਤ ਵਿੱਜ, ਵਿਧਾਇਕ ਜੋਗਿੰਦਰ ਪਾਲ, ਸੁਸ਼ੀਲ ਕੁਮਾਰ ਰਿੰਕੂ, ਮੇਅਰ ਪੰਨਾ ਲਾਲ ਭਾਟੀਆ, ਆਸ਼ੀਸ਼ ਵਿੱਜ, ਜ਼ਿਲ੍ਹਾ ਪੁਲੀਸ ਮੁਖੀ ਸੁਰੇਂਦਰ ਲਾਂਬਾ, ਵਧੀਕ ਡਿਪਟੀ ਕਮਿਸ਼ਨਰ ਸੰਦੀਪ ਸਿੰਘ ਗੜਾ ਆਦਿ ਹਾਜ਼ਰ ਸਨ। ਮੁੱਖ ਮੰਤਰੀ ਨੇ ਸੁਆਮੀ ਜਗਤ ਗਿਰੀ ਆਸ਼ਰਮ ਨੂੰ 51 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਅਤੇ ਸੜਕ ਨੂੰ ਚੌੜਾ ਕਰਨ ਦੇ ਪ੍ਰਾਜੈਕਟ ਸਮੇਤ ਆਸ਼ਰਮ ਕੰਪਲੈਕਸ ਵਿੱਚ ਐੱਮਕੇਐੱਮ ਪਬਲਿਕ ਸਕੂਲ ਦੇ ਹੋਸਟਲ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਡੇਰਾ ਸੱਚਖੰਡ ਬੱਲਾਂ, ਜਲੰਧਰ ’ਚ ਗੁਰੂ ਰਵਿਦਾਸ ਚੇਅਰ ਸਥਾਪਤ ਕਰਨ ਦਾ ਐਲਾਨ ਕਰ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ’ਤੇ ਛੇਤੀ ਹੀ ਕੈਬਨਿਟ ਦੀ ਮੋਹਰ ਲੱਗ ਜਾਵੇਗੀ। ਸਤਿਸੰਗ ਦੌਰਾਨ ਸਵਾਮੀ ਗੁਰਦੀਪ ਗਿਰੀ ਨੇ ਮੁੱਖ ਮੰਤਰੀ ਨੂੰ ਦਸਤਾਰ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਮੁੱਖ ਮੰਤਰੀ ਨੇ ਦੁਹਰਾਇਆ ਕਿ ਕਾਂਗਰਸ ਸਰਕਾਰ ਸੂਬੇ ਦੇ ਸੰਪੂਰਨ, ਨਿਰੰਤਰ ਅਤੇ ਸੰਤੁਲਿਤ ਵਿਕਾਸ ਲਈ ਵਚਨਬੱਧ ਹੈ। ਭਾਵੇਂ ਕਿ ਸਰਕਾਰ ਕੋਲ ਸਮਾਂ ਸੀਮਤ ਹੈ ਪਰ ਉਹ ਪਹਿਲਾਂ ਹੀ ਸੂਬੇ ਦੀ ਤਰੱਕੀ ਲਈ ਸਰਕਾਰੀ ਮਸ਼ੀਨਰੀ ਨੂੰ ਗੇੜਾ ਦੇ ਚੁੱਕੀ ਹੈ। ਖਾਸ ਤੌਰ ’ਤੇ ਗਰੀਬ ਲੋਕਾਂ ਦੀ ਭਲਾਈ ਲਈ ਵੱਧ ਤੋਂ ਵੱਧ ਯਤਨ ਕੀਤੇ ਜਾਣਗੇ, ਜਿਸ ਤਹਿਤ ਸਮਾਂਬੱਧ ਤਰੀਕੇ ਨਾਲ ਭਲਾਈ ਯੋਜਨਾਵਾਂ ਲਾਗੂ ਕਰਨ ਲਈ ਜੰਗੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਸਮਾਜ ਦੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਨੂੰ ਮਿਆਰੀ ਸਿਹਤ ਤੇ ਸਿੱਖਿਆ ਸਹੂਲਤਾਂ ਦੇਣ ਲਈ ਇਨ੍ਹਾਂ ਖੇਤਰਾਂ ਨੂੰ ਮਜ਼ਬੂਤ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਮਾਲ ਮੰਤਰੀ ਅਰੁਣਾ ਚੌਧਰੀ ਨੇ ਵੀ ਆਸ਼ਰਮ ਵਿੱਚ ਸੰਗਤ ਨੂੰ ਸੰਬੋਧਨ ਕੀਤਾ। ਬਾਅਦ ਵਿੱਚ ਮੁੱਖ ਮੰਤਰੀ ਨੇ ਕਾਲੀ ਮਾਤਾ ਮੰਦਰ ਵੀ ਗਏ।