ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ 24 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਤਖ਼ਤ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਲਈ ਆਉਣ ਸਮੇਂ ਖੇਤੀ ਬਿੱਲਾਂ ਦੇ ਮੁੱਦੇ ’ਤੇ ਯੂਥ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਕਾਲੀਆਂ ਝੰਡੀਆਂ ਤੇ ਕਾਲੇ ਝੋਲੇ ਪਾ ਕੇ ਪ੍ਰਦਰਸ਼ਨ ਕੀਤਾ। ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਸਥਾਨਕ ਖੰਡਾ ਚੌਕ ਵਿਖੇ ਜਿੱਥੋਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦਾ ਕਾਫ਼ਲਾ ਲੰਘਣਾ ਸੀ, ਵਿਖੇ ਪ੍ਰੋਫੈਸਰ ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ (ਦੋਵੇਂ ਆਪ ਵਿਧਾਇਕਾ), ਨਵਦੀਪ ਸਿੰਘ ਜੀਦਾ, ਗੁਰਪ੍ਰੀਤ ਸਿੰਘ ਬਣਾਂਵਾਲੀ ਤੇ ਚੌਧਰੀ ਨੇਮ ਚੰਦ ਸਰਦੂਲਗੜ੍ਹ ਅਤੇ ਭੋਲਾ ਸਿੰਘ ਮਾਨ ਦੀ ਅਗਵਾਈ ਵਿੱਚ ਹੱਥਾਂ ਵਿੱਚ ਕਾਲੀਆਂ ਝੰਡੀਆਂ, ਕਾਲੇ ਝੋਲੇ ਪਾ ਕੇ ਅਤੇ ਸਿਰਾਂ ਉਪਰ ਕਾਲੀਆ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਕੀਤਾ ਗਿਆ। ਯੂਥ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਅਤੇ ਰਣਜੀਤ ਸਿੰਘ ਸੰਧੂ ਦੀ ਅਗਵਾਈ ਵਿੱਚ ਯੂਥ ਆਗੂਆਂ ਤੇ ਵਰਕਰਾਂ ਨੇ ਵੀ ਸਥਾਨਕ ਦਸਮੇਸ਼ ਸਕੂਲ ਕੋਲ ਤਲਵੰਡੀ ਸਾਬੋ-ਬਠਿੰਡਾ ਮੁੱਖ ਸੜਕ ਮਾਰਗ ‘ਤੇ ਬਾਦਲ ਜੋੜੀ ਖ਼ਿਲਾਫ਼ ਕਾਲੀਆਂ ਝੰਡੀਆਂ ਲਹਿਰਾ ਕੇ ਰੋਸ ਪ੍ਰਦਰਸ਼ਨ ਕੀਤਾ।